ਜਲੰਧਰ: ਮੁਕੇਰੀਆਂ ਵਿੱਚ ਰੇਲਾਂ ਰੋਕੇ ਜਾਣ ਤੋਂ ਦੋ ਦਿਨਾਂ ਬਾਅਦ ਗੰਨਾ ਕਿਸਾਨ ਅੱਜ ਮੁੜ ਸੜਕਾਂ 'ਤੇ ਉੱਤਰ ਆਏ। ਸ਼ੁੱਕਰਵਾਰ ਨੂੰ ਭੋਗਪੁਰ ਵਿੱਚ ਕਿਸਾਨਾਂ ਨੇ ਕੌਮੀ ਸ਼ਾਹਰਾਹ 'ਤੇ ਰੋਸ ਮੁਜ਼ਾਹਰਾ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ।


ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਸਰਕਾਰ ਨੇ ਬਕਾਇਆ ਨਾ ਜਾਰੀ ਕੀਤਾ ਤਾਂ ਮੁੜ ਤੋਂ ਸੜਕ ਤੇ ਰੇਲ ਮਾਰਗ ਜਾਮ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਦੇ ਤਕਰੀਬਨ 700 ਕਰੋੜ ਰੁਪਏ ਮਿੱਲਾਂ ਵੱਲ ਬਕਾਇਆ ਹਨ।

ਬਕਾਏ ਦੀ ਪ੍ਰਾਪਤੀ ਲਈ ਦੋਆਬਾ ਕਿਸਾਨ ਯੂਨੀਅਨ ਨੇ ਭੋਗਪੁਰ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ। ਸਰਕਾਰੀ ਅਤੇ ਨਿਜੀ ਮਿੱਲਾਂ ਦੋਵੇਂ ਹੀ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਹੀਆਂ। ਇਕੱਲੇ ਭੋਗਪੁਰ ਦੇ ਕਿਸਾਨਾਂ ਦੇ ਹੀ 20 ਕਰੋੜ ਰੁਪਏ ਚੀਨੀ ਮਿੱਲਾਂ ਵੱਲ ਬਕਾਇਆ ਹਨ।

ਕਿਸਾਨ ਗੁਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਉਹ ਸਰਕਾਰ ਨੂੰ ਬਕਾਏ ਜਾਰੀ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦੇ ਰਹੇ ਹਨ। ਜੇਕਰ ਉਨ੍ਹਾਂ ਦੇ ਪੈਸੇ ਨਾਲ ਮਿਲੇ ਤਾਂ ਟ੍ਰੇਨਾਂ ਤੇ ਸੜਕਾਂ ਰੋਕੀਆਂ ਜਾਣਗੀਆਂ।