ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਕਾਫੀ ਔਖੀ ਮੰਗ ਰੱਖ ਦਿੱਤੀ ਹੈ। ਦਰਅਸਲ, ਬਾਦਲ ਨੇ ਕੇਂਦਰ ਤੋਂ ਕਿਸਾਨਾਂ ਲਈ ਸਪੈਸ਼ਲ ਪੈਕਜ ਐਲਾਨਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਮਾਘੀ ਮੇਲੇ ਦੌਰਾਨ ਸਿਆਸੀ ਕਾਨਫ਼ਰੰਸ ਕਰਨਗੇ।


ਸੁਖਬੀਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੇਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਹਾਲਾਂਕਿ, ਮੋਦੀ ਚਾਰ ਵਾਰ ਪੰਜਾਬ ਆ ਚੁੱਕੇ ਹਨ ਤੇ ਹਾਲ ਹੀ ਵਿੱਚ ਮੋਦੀ ਨੇ ਗੁਰਦਾਸਪੁਰ ਰੈੈਲੀ ਵੀ ਕੀਤੀ ਪਰ ਉਨ੍ਹਾਂ ਦੇ ਸਿਆਸੀ ਭਾਈਵਾਲ ਅਕਾਲੀ ਦਲ ਨੇ ਇਹ ਮੰਗ ਉਦੋਂ ਨਹੀਂ ਚੁੱਕੀ। ਮੋਦੀ ਤੋਂ ਅਜਿਹੀ ਹੀ ਮੰਗ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਕਰਦੀ ਆਈ ਹੈ, ਪਰ ਕੇਂਦਰ ਨੇ ਪੰਜਾਬ ਵੱਲ ਆਪਣੀ ਸਵੱਲੀ ਨਜ਼ਰ ਨਹੀਂ ਕੀਤੀ ਜਦਕਿ  ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।

ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਕੰਮਲ ਕਰਜ਼ ਮੁਆਫ਼ੀ ਦਾ ਐਲਾਨ ਕੀ ਸੀ ਜੋ ਕਿਸਾਨਾਂ ਲਈ ਝੂਠ ਨਿੱਕਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਜਾਂ ਕੈਪਟਨ 'ਤੇ ਕੇਸ ਦਰਜ ਕੀਤਾ ਜਾਵੇ। ਬਾਦਲ ਨੇ ਕਿਹਾ ਕਿ ਜੇਕਰ ਕੈਪਟਨ 'ਤੇ ਕੇਸ ਦਰਜ ਨਾ ਹੋਇਆ ਤਾਂ ਅਸੀਂ ਕੋਰਟ ਜਾਵਾਂਗੇ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿਹਾ ਕਿ ਉਹ ਮਾਘੀ ਮੇਲੇ 'ਤੇ ਸਿਆਸੀ ਕਾਨਫ਼ਰੰਸ ਕਰਨਗੇ। ਜਦ ਉਨ੍ਹਾਂ ਤੋ ਪੁੱਛਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਨਫ਼ਰੰਸ ਨਾ ਕਰਨ ਦੀ ਸਲਾਹ ਹੈ ਤਾਂ ਉਨ੍ਹਾਂ ਕਿਹਾ ਕਿ ਸਿੰਘ ਸਾਹਬ ਨੇ ਦੂਸ਼ਣਬਾਜ਼ੀ ਨਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਹਾਲਾਂਕਿ, ਬਾਕੀ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਐਲਾਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ, ਪਰ ਅਕਾਲੀ ਦਲ ਉਨ੍ਹਾਂ ਨੂੰ ਝਕਾਨੀ ਦੇਣ ਵਿੱਚ ਕਾਮਯਾਬ ਰਿਹਾ ਹੈ।