ਅੰਮ੍ਰਿਤਸਰ: ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੌਕੀਦਾਰ ਹੀ ਨਹੀਂ, ਬਲਕਿ ਚੋਰ ਵੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਧਰਮਸ਼ਾਲਾ ਰੈਲੀ ਦੌਰਾਨ ਕਿਸਾਨਾਂ ਬਾਰੇ ਦਿੱਤੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਝੂਠ ਬੋਲਿਆ ਹੈ। ਯਾਦ ਰਹੇ ਕਿ ਧਰਮਸ਼ਾਲ ਰੈਲੀ ਦੌਰਾਨ ਮੋਦੀ ਨੇ ਕਿਹਾ ਸੀ ਕਿ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਰਜ਼ ਮੁਆਫ਼ੀ ਦੇ ਵਾਅਦੇ ਕੀਤੇ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਮੋਦੀ ਦੇ ਇਸ ਬਿਆਨ ’ਤੇ ਸਪਸ਼ਟੀਕਰਨ ਦਿੰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3500 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ। ਪੀਐਮ ਨੇ ਝੂਠ ਬੋਲ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਿਆ ਹੈ। ਦਰਅਸਲ ਜਾਖੜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਦੇ ਮੁੱਦੇ ਬਾਰੇ ਮੋਦੀ ’ਤੇ ਖ਼ੂਬ ਨਿਸ਼ਾਨੇ ਲਾਏ।
ਜਾਖੜ ਨੇ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਵੱਕਾਰ ਨੂੰ ਠੇਸ ਪਹੁੰਚਾਈ ਹੈ। ਹੁਣ ਤਕ ਪੰਜਾਬ ਵਿੱਚ 4 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋ ਚੁੱਕੇ ਹਨ। ਅਜਿਹੇ ਵਿੱਚ ਮੋਦੀ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਮੋਦੀ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਨੂੰ ਥਾਪੜਾ ਦੇਣਗੇ। ਉਨ੍ਹਾਂ ਸੋਚਿਆ ਸੀ ਕਿ ਮੋਦੀ ਵੀ ਮਨਮੋਹਣ ਸਿੰਘ ਸਰਕਾਰ ਵਾਂਗ ਕੋਈ ਕਿਸਾਨੀ ਬਾਰੇ ਕੋਈ ਵੱਡਾ ਐਲਾਨ ਕਰਨਗੇ ਪਰ ਇੰਝ ਹੋਇਆ ਨਹੀਂ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿੱਚ ਵੀ ਇਹ ਮੁੱਦਾ ਚੁੱਕਣਗੇ।
ਇਹ ਵੀ ਪੜ੍ਹੋ- ਕਿਸਾਨਾਂ ਦੀ ਕਰਜ਼ ਮਾਫੀ 'ਤੇ ਮੋਦੀ ਦੇ ਕਾਂਗਰਸ ਨੂੰ ਰਗੜੇ
ਇਸ ਮੌਕੇ ਸਾਬਕਾ ਪੀਐਮ ਮਨਮੋਹਨ ਸਿੰਘ ’ਤੇ ਆਧਾਰਿਤ ਫ਼ਿਲਮ ‘ਦ ਐਕਸੀਡੈਂਟਲ ਪੀਐਮ’ ਬਾਰੇ ਬੋਲਦਿਆਂ ਕਿਹਾ ਕਿ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਸਖ਼ਸ਼ੀਅਤ ਵਿਗਾੜਨ ਦਾ ਦਾ ਜੋ ਕੰਮ ਕੀਤਾ ਗਿਆ ਹੈ, ਉਸ ਤੋਂ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਇਸ ਬਾਰੇ ਸਪਸ਼ਟੀਕਰਨ ਦੇ ਕੇ ਆਪਣਾ ਪੱਖ ਰੱਖਣ ਦੀ ਲੋੜ ਹੈ। ਮਨਮੋਹਨ ਸਿੰਘ ਐਕਸੀਡੈਂਟਲ ਪੀਐਮ ਨਹੀਂ, ਬਲਕਿ ਫ਼ਖ਼ਰ-ਏ-ਹਿੰਦ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪੂਰਾ ਵਿਸ਼ਵ ਉਨ੍ਹਾਂ ਦਾ ਲੋਹਾ ਮੰਨਦਾ ਸੀ।
ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ਼ ਮਲਣ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਦਰਅਸਲ ਅਕਾਲੀ ਦਲ ਆਪਣੀਆਂ ਨਾਕਾਮਯਾਬੀਆਂ ਤੇ ਹੋਰ ਮਾਮਲਿਆਂ ’ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਹਾਲੇ ਤਕ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਬੀਜੇਪੀ ਸਾਰਾ ਕ੍ਰੈਡਿਟ ਆਪਣੇ ਨਾਂ ਲੈਣ ਲਈ ਇਹ ਸਭ ਕਰ ਰਹੀ ਹੈ। ਉਨ੍ਹਾਂ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਧਰਮ ਦੇ ਨਾਂ ’ਤੇ ਸਿਆਸਤ ਨਾ ਕੀਤੀ ਜਾਏ।