World's Most Expensive Cow: ਦੁਨੀਆ ਭਰ ਵਿੱਚ ਵਸਦੇ ਕਰੋੜਾਂ ਹਿੰਦੂ ਗਾਂ ਨੂੰ ਆਪਣੀ ਮਾਂ ਮੰਨਦੇ ਹਨ। ਭਾਰਤ ਵਿੱਚ ਇਸ ਜੀਵ ਦੀ ਪੂਜਾ ਕੀਤੀ ਜਾਂਦੀ ਹੈ। ਆਯੁਰਵੇਦ ਵਿੱਚ ਗਾਂ ਦੇ ਦੁੱਧ ਨੂੰ ਅੰਮ੍ਰਿਤ ਦੱਸਿਆ ਗਿਆ ਹੈ। ਅੱਜ ਵੀ ਭਾਰਤ ਦੇ ਪਿੰਡਾਂ ਵਿੱਚ ਜ਼ਿਆਦਾਤਰ ਘਰਾਂ ਵਿੱਚ ਗਾਂ ਮਿਲੇਗੀ। ਵੈਸੇ ਅੱਜ ਅਸੀਂ ਦੇਸੀ ਗਾਵਾਂ ਦੀ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ ਬਾਰੇ ਗੱਲ ਕਰ ਰਹੇ ਹਾਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਗਾਂ ਵਿਦੇਸ਼ ਵਿੱਚ ਹੋਣ ਦੇ ਬਾਵਜੂਦ ਭਾਰਤ ਨਾਲ ਸਬੰਧਤ ਹੈ। ਆਓ ਅੱਜ ਅਸੀਂ ਤੁਹਾਨੂੰ ਇਸ ਖਾਸ ਗਾਂ ਬਾਰੇ ਦੱਸਦੇ ਹਾਂ।
ਕਿਹੜੀ ਇਹ ਗਾਂ?
ਇਸ ਗਾਂ ਦਾ ਨਾਮ ਵਿਏਟੀਨਾ-19 ਐਫਆਈਵੀ ਮਾਰਾ ਇਮੋਵਿਸ ਹੈ। ਇਹ ਨੇਲੋਰ ਨਸਲ ਦੀ ਗਾਂ ਹੈ। ਦਰਅਸਲ, ਇੱਕ ਰਿਪੋਰਟ ਅਨੁਸਾਰ, ਬ੍ਰਾਜ਼ੀਲ ਵਿੱਚ ਇਸ ਗਾਂ ਦੇ ਇੱਕ ਤਿਹਾਈ ਹਿੱਸੇ ਦੇ ਮਾਲਕਾਨਾ ਹੱਕ ਨੂੰ 1.44 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਹੈ। ਭਾਵ ਲਗਪਗ ਕਰੀਬ 11 ਕਰੋੜ ਰੁਪਏ ਵਿੱਚ। ਹੁਣ ਇਸ ਦੀ ਕੁੱਲ ਕੀਮਤ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਉਹ 4.3 ਮਿਲੀਅਨ ਹੁੰਦੀ ਹੈ। ਇਸ ਨੂੰ ਭਾਰਤੀ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ ਲਗਪਗ 35 ਕਰੋੜ ਰੁਪਏ ਬਣਦਾ ਹੈ। ਇਸ ਗਾਂ ਦੀ ਉਮਰ ਕਰੀਬ ਸਾਢੇ ਚਾਰ ਸਾਲ ਹੈ।
ਕੀ ਇਸ ਗਾਂ ਦਾ ਭਾਰਤ ਨਾਲ ਸਬੰਧ
ਭਾਰਤ ਨਾਲ ਇਸ ਗਾਂ ਦਾ ਸਬੰਧ ਬਹੁਤ ਖਾਸ ਹੈ। ਦਰਅਸਲ, ਇਹ ਗਾਂ ਜਿਸ ਨਸਲ ਦੀ ਹੈ, ਉਹ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸ ਜ਼ਿਲ੍ਹੇ ਤੋਂ ਹੀ ਇਸ ਨਸਲ ਨੂੰ ਬ੍ਰਾਜ਼ੀਲ ਭੇਜਿਆ ਗਿਆ ਸੀ। ਇੱਥੋਂ ਇਹ ਗਾਂ ਪੂਰੀ ਦੁਨੀਆ ਵਿੱਚ ਫੈਲ ਗਈ ਤੇ ਅੱਜ ਇਹ ਪੂਰੀ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ ਬਣ ਗਈ ਹੈ। ਕਿਹਾ ਜਾਂਦਾ ਹੈ ਕਿ ਇਸ ਨਸਲ ਦੀਆਂ ਲਗਭਗ 16 ਕਰੋੜ ਗਾਵਾਂ ਪੂਰੀ ਦੁਨੀਆ ਵਿੱਚ ਮੌਜੂਦ ਹਨ।
ਕਿਉਂ ਇਹ ਗਾਂ ਇੰਨੀ ਮਹਿੰਗੀ?
ਨੇਲੋਰ ਨਸਲ ਦੀਆਂ ਗਾਵਾਂ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੀਆਂ ਵਿਕਦੀਆਂ ਹਨ ਕਿਉਂਕਿ ਇਹ ਆਪਣੇ ਆਪ ਨੂੰ ਕਿਤੇ ਵੀ ਢਾਲ ਲੈਂਦੀਆਂ ਹਨ ਤੇ ਬਹੁਤ ਸਾਰਾ ਦੁੱਧ ਵੀ ਦਿੰਦੀਆਂ ਹਨ। ਇਸ ਨਾਲ ਹੀ ਇਨ੍ਹਾਂ ਦੇ ਦੁੱਧ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਬਿਹਤਰ ਹੁੰਦੇ ਹਨ। ਇਹ ਗਾਵਾਂ ਚਮਕਦਾਰ ਚਿੱਟੀ ਤੇ ਢਿੱਲੀ ਚਮੜੀ ਵਾਲੀਆਂ ਬਹੁਤ ਸਿੱਧੀਆਂ ਹੁੰਦੀਆਂ ਹਨ। ਇਨ੍ਹਾਂ ਗਾਵਾਂ ਦੀ ਚਮੜੀ ਢਿੱਲੀ ਹੁੰਦੀ ਹੈ, ਪਰ ਇਹ ਬਹੁਤ ਸਖ਼ਤ ਹੁੰਦੀਆਂ ਹਨ। ਇਸ ਕਾਰਨ ਇਹ ਗਾਂ ਉੱਚ ਤਾਪਮਾਨ ਨੂੰ ਬਰਦਾਸ਼ਤ ਕਰ ਲੈਂਦੀ ਹੈ ਤੇ ਖੂਨ ਚੂਸਣ ਵਾਲੇ ਕੀੜੇ ਵੀ ਇਨ੍ਹਾਂ ਨੂੰ ਪਰੇਸ਼ਾਨ ਨਹੀਂ ਕਰ ਪਾਉਂਦੇ।