ਦੁੱਧ ਤੇ ਸਬਜ਼ੀਆਂ ਦੇ ਕਾਰੋਬਾਰ 'ਚੋਂ ਹੋਏਗੀ ਦਲਾਲਾਂ ਦੀ ਛੁੱਟੀ !
ਏਬੀਪੀ ਸਾਂਝਾ | 07 Jun 2018 01:32 PM (IST)
ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਦਲਾਲਾਂ ਨੂੰ ਵਿੱਚੋਂ ਕੱਢ ਕੇ ਸਿੱਧੇ ਰੂਪ ਵਿੱਚ ਦੁੱਧ ਤੇ ਸਬਜ਼ੀਆਂ ਖਪਤਕਾਰਾਂ ਕੋਲ ਵੇਚਣ ਦੀ ਰਣਨੀਤੀ ਘੜੀ ਜਾ ਰਹੀ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਵਾਜ਼ਬ ਕੀਮਤਾਂ ਮਿਲਣਗੀਆਂ, ਉੱਥੇ ਖ਼ਪਤਕਾਰਾਂ ਨੂੰ ਵੀ ਸ਼ੁੱਧ ਦੁੱਧ ਤੇ ਸਬਜ਼ੀਆਂ ਸਸਤੀਆਂ ਦਰਾਂ ’ਤੇ ਮਿਲਣਗੀਆਂ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਇਸ ਸਬੰਧੀ ‘ਕਿਸਾਨ ਹੱਟ’ ਬਣਾਉਣ ਦੀ ਮੁਹਿੰਮ ਚਲਾਈ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ‘ਪਿੰਡ ਬੰਦ-ਕਿਸਾਨ ਛੁੱਟੀ ਉਪਰ’ ਸੰਘਰਸ਼ ਅੱਧਵਾਟੇ ਵਾਪਸ ਲੈਣ ਬਾਰੇ ਕਿਹਾ ਕਿ ਭਾਜਪਾ ਵੱਲੋਂ ਅੰਦੋਲਨ ਵਿੱਚ ਸ਼ਰਾਰਤੀ ਤੱਤਾਂ ਦੀ ਕਰਵਾਈ ਘੁਸਪੈਠ ਕਾਰਨ ਅੰਦੋਲਨ ਹਿੰਸਕ ਹੋਣ ਦੇ ਆਸਾਰ ਬਣ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਅਨ ਆਗੂਆਂ ਵੱਲੋਂ ਰੋਕਣ ਦੇ ਬਾਵਜੂਦ ਥਾਂ-ਥਾਂ ਹੁੱਲੜਬਾਜ਼ਾਂ ਨੇ ਦੁੱਧ ਡੋਲਣ ਤੇ ਸਬਜ਼ੀਆਂ ਸੜਕਾਂ ’ਤੇ ਸੁੱਟਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹਾਲਾਤ ਤੇਜ਼ੀ ਨਾਲ ਹਿੰਸਾ ਵੱਲ ਵੱਧ ਰਹੇ ਸਨ ਤੇ ਭਾਜਪਾ ਦੇ ਹੁੱਲੜਬਾਜ਼ ਦੁੱਧ ਤੇ ਸਬਜ਼ੀ ਉਤਪਾਦਕਾਂ ਨੂੰ ਉਕਸਾ ਕੇ ਯੂਨੀਅਨ ਦੇ ਵਰਕਰਾਂ ’ਤੇ ਹਮਲੇ ਕਰਵਾਉਣ ਦੀ ਤਾਕ ਵਿੱਚ ਸਨ। ਇਸ ਕਾਰਨ ਕਿਸਾਨ ਜਥੇਬੰਦੀਆਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਕਿਉਂਕਿ ਉਹ ਪੰਜਾਬ ਵਿੱਚ ਹਾਲਤ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੇ।