ਚੰਡੀਗੜ੍ਹ: ਪੰਜਾਬ ਵਿੱਚ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਉੱਥੇ ਹੀ ਮਜ਼ਦੂਰ ਵੀ ਕਰ ਰਹੇ ਹਨ। ਬੀਤੇ ਦਿਨ ਆਰਥਿਕ ਤੰਗੀ ਕਾਰਨ ਦੋ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਮਾਨਸਾ ਜਿਲ੍ਹੇ ਦੇ ਭੀਖੀ ਦੇ ਜਸਪ੍ਰੀਤ ਸਿੰਘ ਉਰਫ਼ ਮਮਨਾ (19) ਪੁੱਤਰ ਜਗਸੀਰ ਸਿੰਘ ਵਾਰਡ ਨੰ.-5 ਵਾਸੀ ਭੀਖੀ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਪਿਛਲੇ ਮਹੀਨਿਆਂ ਤੋਂ ਉਸ ਨੂੰ ਦਿਹਾੜੀ ਦਾ ਕੰਮ ਵੀ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਸ ਨੇ ਬੀਤੀ ਰਾਤ ਕਮਰੇ ਦੀ ਛੱਤ ਦੇ ਗਾਡਰ 'ਚ ਪਰਨਾ ਬੰਨ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਦੂਜੇ ਕੇਸ ਵਿੱਚ ਜ਼ੀਰਾ ਦੇ ਨੇੜਲੇ ਪਿੰਡ ਮਲਸੀਹਾਂ ਕਲਾਂ ਦੇ ਇੱਕ 35 ਸਾਲਾਂ ਖੇਤ ਮਜ਼ਦੂਰ ਗੁਰਮੁਖ ਸਿੰਘ ਪੁੱਤਰ ਸਾਧਾ ਸਿੰਘ ਨੇ ਆਰਥਿਕ ਤੰਗੀ ਦੇ ਚੱਲਦਿਆਂ ਬੀਤੀ ਰਾਤ ਕੀਟਨਾਸ਼ਕ ਦਵਾਈ ਨਿਗਲ ਕੇ ਖੁਦਕਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਦੇ ਮੈਂਬਰਾਂ ਦੀ ਬਿਮਾਰੀ ਦੇ ਇਲਾਜ ਲਈ ਗੁਰਮੁਖ ਸਿੰਘ ਨੇ ਲੋਕਾਂ ਤੋਂ ਕਾਫ਼ੀ ਕਰਜ਼ ਲਿਆ ਹੋਇਆ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਗੁਰਮੁਖ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ।