ਬਰਨਾਲਾ: ਪੰਜਾਬ ਦੀ ਖੇਤੀ ਲਗਾਤਾਰ ਘਾਟੇ ਦਾ ਸੌਦਾ ਬਣ ਰਹੀ ਹੈ। ਖੇਤੀ ਮਾਹਰ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਵਪਾਰੀ ਬੰਨਣ ਦੀ ਸਲਾਹ ਦੇ ਰਹੇ ਹਨ। ਭਾਵੇਂ ਬਹੁਗਿਣਤੀ ਕਿਸਾਨ ਇਸ ਸਲਾਹ ਤੇ ਕੰਮ ਨਹੀਂ ਕਰਨਗੇ ਜਦਕਿ ਕੁਝ ਕਿਸਾਨ ਖੇਤੀ ਕਰਨ ਦੇ ਨਾਲ ਨਾਲ ਵਪਾਰੀ ਬਣ ਕੇ ਇਸ ਦਾ ਲਾਹਾ ਲੈ ਰਹੇ ਹਨ।
ਜਿਨ੍ਹਾਂ ਵਿੱਚੋਂ ਇੱਕ ਕਿਸਾਨ ਗੁਰਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦਾ ਹੈ। ਜੋ ਪਿਆਜ਼ ਦੀ ਖੇਤੀ ਕਰਨ ਦੇ ਨਾਲ ਨਾਲ ਖੁਦ ਸੜਕ ਕਿਨਾਰੇ ਟਰੈਕਟਰ ਟਰਾਲੀ 'ਤੇ ਆਪਣੀ ਫਸਲ ਵੇਚ ਰਿਹਾ ਹੈ।ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗੁਰਵਿੰਦਰ ਸਿੰਘ ਰੋਜ਼ਾਨਾ ਇਕ ਟਰਾਲੀ ਭਰਕੇ ਪਿਆਜ਼ ਦੀ ਬਰਨਾਲਾ ਸ਼ਹਿਰ ਵੇਚਣ ਆਉਂਦਾ ਹੈ ਅਤੇ ਇਸ ਖੇਤੀ ਤੋਂ ਦੁੱਗਣੀ ਕਮਾਈ ਕਰ ਰਿਹਾ ਹੈ ।
ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਉੱਪਲੀ ਨਾਲ ਸਬੰਧਤ ਹੈ ਜਦਕਿ ਰਿਹਾਇਸ਼ ਬਰਨਾਲਾ ਵਿਚ ਹੈ।ਪਿੰਡ ਮਹਿਲ ਖੁਰਦ ਆਪਣੇ ਜੀਜੇ ਨਾਲ ਮਿਲ ਕੇ ਪਿਆਜ਼ ਦੀ ਖੇਤੀ ਕਰ ਰਿਹਾ ਹੈ।ਉਨ੍ਹਾਂ ਵੱਲੋਂ ਪਹਿਲੀ ਵਾਰ ਸਾਢੇ ਤਿੰਨ ਏਕੜ ਵਿੱਚ ਪਿਆਜ਼ ਦੀ ਖੇਤੀ ਕੀਤੀ ਗਈ ਅਤੇ ਪੈਦਾ ਕੀਤੇ ਪਿਆਜ਼ ਵਪਾਰੀਆਂ ਨੂੰ ਵੇਚਣ ਦੀ ਥਾਂ 'ਤੇ ਉਹ ਖੁਦ ਵੇਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਉਨ੍ਹਾਂ ਨੂੰ 90 ਹਜ਼ਾਰ ਰੁਪਏ ਸਾਰੇ ਖਰਚੇ ਕੱਢ ਕੇ ਕਮਾਈ ਹੋ ਰਹੀ ਹੈ।ਜਦਕਿ ਜੇਕਰ ਇਹ ਪਿਆਜ਼ ਵਪਾਰੀ ਨੂੰ ਵੇਚਦੇ ਤਾਂ ਉਹ ਉਨ੍ਹਾਂ ਨੂੰ ਸਿਰਫ਼ 45 ਹਜ਼ਾਰ ਕਮਾਈ ਹੋਣੀ ਸੀ।ਜਿਸ ਕਰਕੇ ਉਨ੍ਹਾਂ ਨੂੰ ਦੁੱਗਣੀ ਕਮਾਈ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੇ ਬਹੁਗਿਣਤੀ ਕਿਸਾਨ ਆਪਣੀ ਫਸਲ ਖੁਦ ਵੇਚਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਜਦਕਿ ਇਸ ਤਰੀਕੇ ਨਾਲ ਕਿਸਾਨ ਦੁੱਗਣੀ ਕਮਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਟਰਾਲੀ ਭਰਕੇ ਪਿਆਜ਼ ਦੀ ਬਰਨਾਲਾ ਸ਼ਹਿਰ ਵੇਚਣ ਆਉਂਦਾ ਹੈ ਅਤੇ 20 ਹਜ਼ਾਰ ਦੇ ਕਰੀਬ ਪਿਆਜ਼ ਵੇਚ ਕੇ ਘਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰੀਕੇ ਪਹਿਲੀ ਵਾਰ ਪਿਆਜ਼ ਦੀ ਖੇਤੀ ਕਰਨ ਨਾਲ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਉਹ ਅਗਲੇ ਵਰੇ ਇਸ ਤੋਂ ਵਧੇਰੇ ਰਕਬੇ ਵਿੱਚ ਪਿਆਜ਼ ਦੀ ਖੇਤੀ ਕਰਨਗੇ।
ਉੱਧਰ ਕਿਸਾਨ ਗੁਰਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਗਾਹਕ ਵੀ ਤਾਰੀਫ਼ ਕਰ ਰਹੇ ਹਨ ।ਇਕ ਗਾਹਕ ਨੇ ਕਿਹਾ ਕਿ ਜਿਸ ਤਰੀਕੇ ਗੁਰਵਿੰਦਰ ਸਿੰਘ ਖੁਦ ਪਿਆਜ਼ ਦੀ ਖੇਤੀ ਕਰਕੇ ਸੜਕ ਕਿਨਾਰੇ ਖੜ੍ਹ ਕੇ ਫ਼ਸਲ ਵੇਚ ਰਿਹਾ ਹੈ।ਇਸ ਤਰੀਕੇ ਕਿਸਾਨ ਦੁੱਗਣੀ ਕਮਾਈ ਕਰ ਸਕਦੇ ਹਨ। ਕਿਸਾਨਾਂ ਨੂੰ ਆਪਣੀ ਫ਼ਸਲ ਵਪਾਰੀਆਂ ਨੂੰ ਸਸਤੇ ਭਾਅ ਵੇਚਣ ਦੀ ਥਾਂ ਖ਼ੁਦ ਵਪਾਰੀ ਬਣਨਾ ਚਾਹੀਦਾ ਹੈ।