ਜੀਂਦ: ਹਰਿਆਣਾ ਪੁਲਿਸ ਨੇ ਮਾਲਵਾ ਬੈਲਟ ਦੇ ਚਾਰ ਕਿਸਾਨਾਂ ਨੂੰ ਜੀਂਦ ਤੋਂ ਪੰਜਾਬ ਵੱਲ ਯੂਰੀਆਂ ਲੈ ਕੇ ਜਾਂਦੇ ਸ਼ਨੀਵਾਰ ਨੂੰ ਕਾਬੂ ਕੀਤਾ ਸੀ। ਇਨ੍ਹਾਂ ਚਾਰਾਂ ਕਿਸਾਨਾਂ ਨੂੰ ਐਤਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਮਗਰੋਂ ਚਾਰੋਂ ਕਿਸਾਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਦੱਸ ਦੇਈਏ ਕਿ ਚਾਰਾਂ ਕਿਸਾਨਾਂ ਵਿੱਚੋਂ ਦੋ ਲੁਧਿਆਣਾ ਅਤੇ ਦੋ ਪਟਿਆਲਾ ਤੋਂ ਹਨ।ਸ਼ਨੀਵਾਰ ਨੂੰ ਸਦਰ ਪੁਲਿਸ ਨੇ ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੂੰ 4 ਟਰਾਲੀਆਂ ਵਿੱਚ ਲੱਦੇ 840 ਬੋਰੀਆਂ ਯੂਰੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ।
ਪੰਜਾਬ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਬੰਦ ਹਨ ਇਸ ਲਈ ਕਿਸਾਨਾ ਦੂਜੇ ਰਾਜਾਂ ਤੋਂ ਯੂਰੀਆ ਲਿਆਉਣ ਲਈ ਮਜਬੂਰ ਹਨ।ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਵਲੋਂ ਪਾਸ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।ਇਸ ਦੇ ਮੱਦੇਨਜ਼ਰ ਪੰਜਾਬ ਅੰਦਰ ਰੇਲ ਰੋਕੋ ਅੰਦੋਲਨ ਦੇ ਤਹਿਤ ਮਾਲ ਅਤੇ ਯਾਤਰੀ ਗੱਡੀਆਂ ਦੀ ਆਵਾਜਾਈ ਤੇ ਰੋਕ ਹੈ।ਕਿਸਾਨ ਜੀਂਦ ਤੋਂ ਯੂਰੀਆ ਬਿਨ੍ਹਾਂ ਕਿਸੇ ਬਿੱਲ ਤੋਂ ਗੈਰ ਕਾਨੂੰਨੀ ਢੰਗ ਨਾਲ ਲੈ ਜਾ ਰਹੇ ਸੀ।
ਸੂਬੇ ਅੰਦਰ ਪਿਛਲੇ ਡੇਢ ਮਹੀਨੇ ਤੋਂ ਮਾਲ ਗੱਡੀਆਂ ਦੀ ਆਵਾਜਾਈ ਠੱਪ ਪਈ ਹੈ।ਯੂਰੀਆ ਅਤੇ ਖਾਦਾਂ ਦੀ ਕਮੀ ਨੇ ਕਿਸਾਨਾਂ ਦੀ ਚਿੰਤਾ ਵੱਧਾ ਦਿੱਤੀ ਹੈ। ਕਣਕ ਦੀ ਫ਼ਸਲ ਨੂੰ ਯੂਰੀਆ ਦੀ ਕਮੀ ਨਾਲ ਨੁਕਸਾਨ ਦਾ ਖਦਸ਼ਾ ਹੈ।ਕਿਸਾਨਾਂ ਨੇ ਕਿਸੇ ਤਰ੍ਹਾਂ ਡਾਏ ਅਮੋਨੀਅਮ ਫਾਸਫੇਟ (DAP) ਖਾਦ ਦਾ ਤਾਂ ਪ੍ਰਬੰਧ ਕਰ ਲਿਆ ਸੀ। ਪਰ ਹੁਣ ਯੂਰੀਆ ਦੀ ਕਮੀ ਦਾ ਅਸਰ ਕਣਕ ਅਤੇ ਹੋਰ ਫ਼ਸਲਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ।
ਪੰਜਾਬ ਅੰਦਰ ਲਗਭਗ 7 ਲੱਖ ਟਨ ਯੂਰੀਆ ਦੀ ਕਮੀ ਹੈ। ਇਸ ਨਾਲ ਨੁਕਸਾਨ ਘੱਟ ਝਾੜ ਦੇ ਰੂਪ ਵਿੱਚ ਹੋ ਸਕਦਾ ਹੈ।ਬਠਿੰਡਾ ਅਤੇ ਨੰਗਲ NFL ਪਲਾਂਟ ਤੋਂ ਯੂਰੀਆ ਸਿੱਧਾ ਪੰਜਾਬ ਨੂੰ ਸਪਲਾਈ ਹੋ ਰਿਹਾ ਹੈ।ਪਰ ਇਸ ਨਾਲ ਪੰਜਾਬ ਦੀ ਮੰਗ ਪੂਰੀ ਨਹੀਂ ਹੋ ਰਹੀ। NFL ਤੋਂ ਰੋਜ਼ਾਨਾ 3000 ਟਨ ਪ੍ਰੋਡਕਸ਼ਨ ਹੁੰਦੀ ਹੈ ਜੋ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਘੱਟ ਹੈ।
ਕਿਸਾਨ ਯੂਨੀਅਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਗ੍ਰਿਫ਼ਤਾਰ ਹੋਏ ਕਿਸਾਨਾਂ ਦਾ ਬਚਾਅ ਕਰਨ ਜਿਨ੍ਹਾਂ ਖਿਲਾਫ ਹਰਿਆਣਾ 'ਚ ਮਾਮਲਾ ਦਰਜ ਹੋਇਆ ਹੈ।ਦੱਸ ਦੇਈਏ ਕਿ ਕਿਸਾਨਾਂ ਨੂੰ Fertilizer (Movement Control) Act, 1973 ਦੀ ਧਾਰਾ 3 ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੀ ਧਾਰਾ 7 ਦੇ ਅਧੀਨ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਸੀ।