ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ 23 ਨਵੰਬਰ ਤੋਂ ਰੇਲ ਸੇਵਾ ਮੁੜ ਸ਼ੁਰੂ ਕਰਨ ਲਈ ਰਾਜ਼ੀ ਹੋ ਗਈਆਂ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਸੰਗਠਨਾਂ ਵਿਚਾਲੇ ਹੋਈ ਗੱਲ ਬਾਤ ਤੋਂ ਬਾਅਦ ਇਹ ਸਹਿਮਤੀ ਬਣੀ ਹੈ।ਕਿਸਾਨ ਜੱਥੇਬੰਦੀਆਂ ਕੇਂਦਰ ਦੇ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀਆਂ ਹਨ।ਜਿਸ ਦੇ ਤਹਿਤ ਉਨ੍ਹਾਂ ਰੇਲ ਰੋਕੋ ਅੰਦੋਲਨ ਚਲਾਇਆ ਸੀ ਅਤੇ ਪੰਜਾਬ ਅੰਦਰ ਯਾਤਰੀ ਅਤੇ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਲਾਈ ਸੀ।ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਣੇ ਹੋਰ ਕਈ ਮੰਗਾਂ ਕੇਂਦਰ ਅੱਗੇ ਰੱਖੀਆਂ ਹਨ।

ਹਾਲਾਂਕਿ, ਪੰਜਾਬ ਦੇ ਕਿਸਾਨ ਸਿਰਫ 15 ਦਿਨਾਂ ਲਈ ਯਾਤਰੀ ਰੇਲ ਸੇਵਾ ਨੂੰ ਬਹਾਲ ਕਰਨ ਲਈ ਸਹਿਮਤ ਹੋਏ ਹਨ। ਕਿਸਾਨ ਜੱਥੇਬੰਦੀਆਂ ਨੇ ਸ਼ਰਤ ਨਾਲ ਰੇਲ ਸੇਵਾ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਾਲ ਗੱਲਬਾਤ ਅਸਫਲ ਰਹੀ ਤਾਂ ਉਹ ਮੁੜ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਕਿਸਾਨ ਸੰਗਠਨਾਂ ਨੇ ਬੁੱਧਵਾਰ ਨੂੰ ਨਾਕਾਬੰਦੀ ਖ਼ਤਮ ਨਾ ਕਰਨ ਦਾ ਫੈਸਲਾ ਲਿਆ ਸੀ। ਕਿਸਾਨ ਸਮੂਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਸਪਸ਼ਟ ਸਟੈਂਡ ਦੀ ਅਲੋਚਨਾ ਕੀਤੀ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਮਦਰਦ ਸੀ, ਪਰ ਹੁਣ ਉਨ੍ਹਾਂ ਦਾ ਰੁਖ ਪੱਕਾ ਨਹੀਂ ਹੈ।

ਰੇਲ ਸੇਵਾਵਾਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਰਾਜ ਵਿੱਚ ਰੇਲ ਸੇਵਾਵਾਂ ਨੂੰ ਬਹਾਲ ਕਰਨ ਦੀ ਬੇਨਤੀ ਵੀ ਕੀਤੀ।ਕੈਪਟਨ ਅਮਰਿੰਦਰ ਨੇ ਲਿਖਿਆ, "ਕਿਸਾਨਾਂ ਨਾਲ ਗੱਲਬਾਤ ਫਲਦਾਇਕ ਰਹੀ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸੰਗਠਨ 15 ਦਿਨਾਂ ਲਈ ਰੇਲ ਨਾਕਾਬੰਦੀ ਖ਼ਤਮ ਕਰਨ ਲਈ ਰਾਜ਼ੀ ਹੋ ਗਏ ਹਨ। ਮੈਂ ਕਿਸਾਨਾਂ ਦੇ ਇਸ ਕਦਮ ਦਾ ਸਵਾਗਤ ਕਰਦਾ ਹਾਂ, ਕਿਉਂਕਿ ਇਹ ਰਾਜ ਦੀ ਆਰਥਿਕਤਾ ਨੂੰ ਆਮ ਸਥਿਤੀ ਵਿੱਚ ਵਾਪਸ ਲੈਆਵੇਗਾ। ਕੈਪਟਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਰੇਲ ਸੇਵਾਵਾਂ ਮੁੜ ਚਾਲੂ ਕਰਨ।