ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਲਈ ਬੁਰੀ ਖ਼ਬਰ ਹੈ। ਬੁੱਧਵਾਰ ਤੋਂ ਫਿਰ ਤਿੰਨ ਦਿਨਾਂ ਤਕ ਪੰਜਾਬ ਵਿੱਚ ਮੀਂਹ ਪੈਣ ਦੇ ਆਸਾਰ ਹਨ ਤੇ ਕਿਤੇ-ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਹੈ ਕਿ ਉੱਤਰੀ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਬਾਕੀ ਥਾਵਾਂ 'ਤੇ ਆਮ ਬਰਸਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਬੀਤੀ 23 ਤੋਂ 25 ਸਤੰਬਰ ਤਕ ਪਈ ਬਾਰਸ਼ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਤੇ ਹੁਣ ਫਿਰ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਝੋਨਾ ਕਾਸ਼ਤਕਾਰਾਂ ਲਈ ਇਹ ਬੇਹੱਦ ਚਿੰਤਾ ਵਾਲੀ ਖ਼ਬਰ ਹੈ। ਜੀਰੀ ਦੀ ਵਾਢੀ ਜਾਰੀ ਹੈ ਤੇ ਜੋ ਫ਼ਸਲ ਮੰਡੀਆਂ ਵਿੱਚ ਆ ਰਹੀ ਹੈ, ਉਸ ਵਿੱਚ ਵੀ ਨਮੀ ਦੀ ਮਾਤਰਾ 24 ਫ਼ੀਸਦ ਤੋਂ ਵੱਧ ਹੈ। ਜੇਕਰ ਤਿੰਨ ਦਿਨ ਮੀਂਹ ਪੈਂਦਾ ਹੈ ਤਾਂ ਇਹ ਨਮੀ ਵਧ ਜਾਵੇਗੀ ਤੇ ਤੇਜ਼ ਹਵਾਵਾਂ ਕਾਰਨ ਖੜ੍ਹੀਆਂ ਫ਼ਸਲਾਂ ਵਿਛਣ ਦਾ ਵੀ ਖ਼ਦਸ਼ਾ ਹੈ। ਮੌਸ ਖ਼ਰਾਬ ਹੁੰਦਾ ਹੈ ਤਾਂ ਝੋਨੇ ਦੀ ਵਾਢੀ ਪਛੜ ਜਾਵੇਗੀ।

ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਇਹ ਖ਼ਬਰ ਸਾਡੇ ਲਈ ਚੰਗੀ ਨਹੀਂ, ਪਰ ਇਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਉਹ ਤਿਆਰ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਤਰਪਾਲ਼ਾਂ ਆ ਚੁੱਕੀਆਂ ਹਨ ਜੋ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਵਰਤੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਜੋ ਫ਼ਸਲ ਮੰਡੀਆਂ ਵਿੱਚ ਆ ਚੁੱਕੀ ਹੈ, ਉਸ ਦੀ ਸਾਂਭ ਸੰਭਾਲ ਕਰਨਾ ਏਜੰਸੀਆਂ ਦੀ ਜ਼ਿੰਮੇਵਾਰੀ ਹੈ।