ਸਿਰਸਾ: ਇੱਕ ਸਾਲ ਦੀ ਜੱਦੋਜਹਿਦ ਤੋਂ ਬਾਅਦ ਆਖ਼ਰ ਕਿਸਾਨਾਂ ਨੂੰ ਫ਼ਸਲ ਖ਼ਰਾਬੇ ਦਾ ਮੁਆਵਜ਼ਾ ਮਿਲ ਹੀ ਗਿਆ। ਸਿਰਸਾ ਦੇ ਕਿਸਾਨਾਂ ਨੇ ਸਾਲ 2017 ਵਿੱਚ ਸਾਉਣੀ ਦੀ ਕਪਾਹ ਦੀ ਫ਼ਸਲ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਬੀਮਾ ਕਰਵਾਇਆ ਸੀ, ਪਰ ਕੰਪਨੀ ਇਸ ਦਾ ਮੁਆਵਜ਼ਾ ਦੇਣ ਤੋਂ ਕੰਨੀ ਕਤਰਾਉਂਦੀ ਸੀ। ਹੁਣ ਜ਼ਿਲ੍ਹੇ ਦੇ ਕਿਸਾਨਾਂ ਨੂੰ 229 ਕਰੋੜ ਰੁਪਏ ਤੋਂ ਵੱਧ ਦੀ ਬੀਮਾ ਰਾਸ਼ੀ ਮਿਲੇਗੀ।

ਕਿਸਾਨ ਨੇਤਾ ਵਿਕਲ ਪਚਾਰ ਨੇ ਦੱਸਿਆ ਕਿ ਬੀਮਾ ਕੰਪਨੀ ਆਈਸੀਆਈਸੀਆਈ ਲੌਂਬਾਰਡ ਇੰਸ਼ੌਰੈਂਸ ਕੰਪਨੀ ਵਿਰੁੱਧ ਜਾਰੀ ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ ਹੈ। ਹੁਣ ਕੰਪਨੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਛੇਤੀ ਹੀ ਸਾਰੀ ਮੁਆਵਜ਼ਾ ਰਾਸ਼ੀ ਪਾ ਦੇਵੇਗੀ। ਕਿਸਾਨ ਨੇਤਾ ਨੇ ਦਾਅਵਾ ਕੀਤਾ ਕਿ ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕੀਤੀ ਗਈ ਸੀ, ਪਰ ਸਿਰਸਾ ਨੂੰ ਸਭ ਤੋਂ ਵੱਧ ਮੁਆਵਜ਼ਾ ਮਿਲਿਆ ਹੈ।

ਉੱਧਰ ਖੇਤੀਬਾੜੀ ਸਹਿ ਨਿਰਦੇਸ਼ਕ ਬਾਬੂ ਲਾਲ ਨੇ ਦੱਸਿਆ ਕਿ ਸਾਲ 2017 ਵਿੱਚ ਸਾਉਣੀ ਦੀ ਫ਼ਸਲ ਲਈ ਆਈਸੀਆਈਸੀਆਈ ਲੌਂਬਾਰਡ ਕੰਪਨੀ ਵੱਲੋਂ 229 ਕਰੋੜ 82 ਲੱਖ 98 ਹਜ਼ਾਰ 138 ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬੀਮਾ ਰਕਮ ਪ੍ਰਵਾਨ ਕਰਵਾਉਣ ਲਈ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਹੈ।