ਨਵੀਂ ਦਿੱਲੀ: ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ ਤੇ ਸੀਤ ਲਹਿਰ ਦੇ ਚੱਲਦਿਆਂ ਮੈਦਾਨੀ ਇਲਾਕਿਆਂ ’ਚ ਵੀ ਮੌਸਮ ਬਦਲ ਗਿਆ ਹੈ। ਕੁਝ ਇਲਾਕਿਆਂ ’ਚ ਗੜ੍ਹੇਮਾਰ ਵੀ ਹੋ ਸਕਦੀ ਹੈ ਤੇ ਮੀਂਹ ਵੀ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈ। ਪੱਛਮੀ ਗੜਬੜੀ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ ਸਮੇਤ ਕੁਝ ਹੋਰਨਾਂ ਥਾਵਾਂ ਉੱਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।



 
ਅਗਲੇ 24 ਘੰਟਿਆਂ ਦੌਰਾਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਤੇ ਭਾਰੀ ਵਰਖਾ ਹੋ ਸਕਦੀ ਹੈ। ਅੰਦਰੂਨੀ ਤਾਮਿਲਨਾਡੂ, ਕਰਨਾਟਕ ਤੇ ਕੇਰਲ ’ਚ ਦਰਮਿਆਨੀ ਵਰਖਾ ਤੇ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਦੱਖਣੀ ਤੇਲੰਗਾਨਾ ਤੇ ਓਡੀਸ਼ਾ ਦੇ ਦੱਖਣੀ ਤਟੀ ਇਲਾਕਿਆਂ ਵਿੱਚ ਹਲਕੀ ਵਰਖਾ ਦੀ ਉਮੀਦ ਹੈ।

 

ਉੱਧਰ ਜੰਮੂ-ਕਸ਼ਮੀਰ, ਗਿਲਗਿਤ, ਬਾਲਟਿਸਤਾਨ, ਮੁਜ਼ੱਫ਼ਰਾਬਾਦ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਤੇ ਬਰਫ਼ਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 25 ਫ਼ਰਵਰੀ ਤੱਕ ਪਹਾੜੀ ਇਲਾਕਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਸਿਰਮੌਰ, ਮੰਡੀ, ਕੁੱਲੂ ਤੇ ਚੰਬਾ ਵਿੱਚ ਝੱਖੜ ਝੁੱਲਣ ਤੇ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

 

ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਉੱਚੇ ਤੇ ਦਰਮਿਆਨੇ ਪਰਬਤੀ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ ਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਨਾਲ ਗੜੇ ਵੀ ਪੈ ਸਕਦੇ ਹਨ। ਉੱਤਰਾਖੰਡ ਦੇ ਚਮੋਲੀ ਲਈ ਫਰ਼ਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।