India Weather Update: ਮਾਨਸੂਨ ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ। ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 5 ਅਤੇ 6 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।



ਪੰਜਾਬ ਦਾ ਮੌਸਮ ਇਕ ਵਾਰ ਫੇਰ ਬਦਲੇਗਾ। ਹੁੰਮਸ ਭਰੀ ਗਰਮੀ ਨਾਲ ਬੇਹਾਲ ਹੋਏ ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਮੌਸਮ ਵਿਗਿਆਨੀ ਡਾਕਟਰ ਕੇ. ਕੇ. ਗਿੱਲ ਨੇ ਦਾਅਵਾ ਕੀਤਾ ਹੈ ਕਿ 5 ਤਾਰੀਖ਼ ਪੰਜਾਬ ਦੇ ਕਈ ਹਿੱਸਿਆਂ 'ਚ ਬਰਸਾਤ ਹੋਣ ਦੀ ਸੰਭਾਵਨਾ ਹੈ।


ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨੀ ਡਾਕਟਰ ਕੇ. ਕੇ. ਮੁਤਾਬਕ ਆਉਣ ਵਾਲੇ ਦਿਨਾਂ ’ਚ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਉਥੇ ਹੀ 5 ਅਤੇ 9 ਤਰੀਕ ਨੂੰ ਵੀ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇਨ੍ਹਾਂ ਦਿਨਾਂ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ’ਚ ਬਰਸਾਤ ਹੋ ਸਕਦੀ ਹੈ। 


ਭਾਰਤੀ ਮੌਸਮ ਵਿਭਾਗ ਨੇ ਵੀ ਮਾਨਸੂਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਸਤੰਬਰ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। IMD ਮੁਤਾਬਕ ਉੱਤਰ-ਪੱਛਮੀ ਬੰਗਾਲ ਦੀ ਖਾੜੀ ’ਤੇ ਚੱਕਰਵਾਤ ਚੱਕਰ 7 ਸਤੰਬਰ ਦੇ ਆਸਪਾਸ ਮਾਨਸੂਨ ਟ੍ਰਾਫ ਨੂੰ ਦੱਖਣ ਵੱਲ ਬਦਲ ਦੇਵੇਗਾ। ਇਸ ਕਾਰਨ ਮੱਧ ਅਤੇ ਉੱਤਰੀ ਭਾਰਤ ਵਿਚ ਮੀਂਹ ਦੀ ਗਤੀਵਿਧੀ ਵਧੇਗੀ। ਇਸ ਕਾਰਨ ਮੌਨਸੂਨ ਦੇ ਛੇਤੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ ਹਨ। ਲਿਹਾਜ਼ਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਆਈ. ਐੱਮ. ਡੀ. ਮੁਤਾਬਕ ਪੂਰੇ ਦੇਸ਼ ਵਿਚ ਔਸਤ ਮੀਂਹ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ।



ਅੱਜ ਕਿਹੋ ਜਿਹਾ ਰਹੇਗਾ ਦਿੱਲੀ ਦਾ ਮੌਸਮ

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਦਿਨ ਭਰ ਬੱਦਲ ਛਾਏ ਰਹਿਣਗੇ। ਹਾਲਾਂਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। 6 ਸਤੰਬਰ ਯਾਨੀ ਕੱਲ੍ਹ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ। 7 ਅਤੇ 8 ਸਤੰਬਰ ਨੂੰ ਰਾਜਧਾਨੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 9 ਅਤੇ 10 ਸਤੰਬਰ ਨੂੰ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਓਡੀਸ਼ਾ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਓਡੀਸ਼ਾ ਦੇ 23 ਜ਼ਿਲ੍ਹਿਆਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 6 ਸਤੰਬਰ ਤੋਂ ਬਾਰਸ਼ ਤੇਜ਼ ਹੋ ਜਾਵੇਗੀ ਅਤੇ ਕਈ ਜ਼ਿਲ੍ਹਿਆਂ ਵਿੱਚ 8 ਸਤੰਬਰ ਤੱਕ ਮੀਂਹ ਪੈਂਦਾ ਰਹੇਗਾ।


ਇਨ੍ਹਾਂ ਰਾਜਾਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ

ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਵਿੱਚ 7 ​​ਤੋਂ 8 ਸਤੰਬਰ ਤੱਕ ਇੱਕ ਸਿਸਟਮ ਬਣ ਰਿਹਾ ਹੈ, ਜਿਸ ਕਾਰਨ ਇੱਕ ਵਾਰ ਫਿਰ ਘੱਟ ਦਬਾਅ ਕਾਰਨ ਰਾਂਚੀ ਸਮੇਤ ਪੂਰੇ ਝਾਰਖੰਡ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਜੀ ਨੇ ਅੱਜ ਪੱਛਮੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਸਿੱਕਮ ਸਮੇਤ ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਕੇਰਲ, ਮਾਹੇ, ਕਰਨਾਟਕ, ਰਾਇਲਸੀਮਾ 'ਚ ਅੱਜ ਬਾਰਿਸ਼ ਲਈ ਅਲਰਟ ਜਾਰੀ ਕੀਤਾ ਗਿਆ ਹੈ।