Weather Updates : ਐਤਵਾਰ ਸਵੇਰੇ ਦਿੱਲੀ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਹੋਈ। ਜਿਸ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ। ਹਲਕੀ ਬਾਰਿਸ਼ ਕਾਰਨ ਤਾਪਮਾਨ 26.4 ਸੈਲਸੀਅਸ 'ਤੇ ਆ ਗਿਆ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਭਾਰੀ ਬਾਰਿਸ਼ ਹੋਈ ਅਤੇ ਉਸ ਤੋਂ ਬਾਅਦ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।


ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਦਿੱਲੀ ਵਿੱਚ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਦਰਮਿਆਨ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਰਾਜਧਾਨੀ 'ਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਦੇ ਨਾਲ-ਨਾਲ ਹਰਿਆਣਾ, ਪੰਜਾਬ, ਹਿਮਾਚਲ 'ਚ 20 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।


 





ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ-ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਗਰਜ ਅਤੇ ਗੜ੍ਹੇਮਾਰੀ ਨਾਲ ਮੀਂਹ ਪਵੇਗਾ। ਦੂਜੇ ਪਾਸੇ ਦਿੱਲੀ 'ਚ ਸ਼ਨੀਵਾਰ ਨੂੰ ਪਏ ਮੋਹਲੇਧਾਰ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।


ਦਿੱਲੀ ਦੇ ਖਾਨਪੁਰ, ਹੌਜ਼ਰਾਨੀ, ਮਾਲਵੀਆ ਨਗਰ, ਉੱਤਮ ਨਗਰ, ਧੌਲਾ ਕੂਆਂ, ਏਮਜ਼ ਫਲਾਈਓਵਰ ਨੇੜੇ, ਮਹਿਰੌਲੀ-ਬਦਰਪੁਰ ਰੋਡ, ਵਿਕਾਸ ਮਾਰਗ, ਆਈ.ਟੀ.ਓ., ਸਿਕੰਦਰਾ ਰੋਡ, ਕੀਰਤੀ ਨਗਰ, ਆਨੰਦ ਪਰਵਤ-ਜ਼ਖੀਰਾ ਰੋਡ ਅਤੇ ਮਜਨੂੰ ਕਾ ਟਿੱਲਾ ਸਮੇਤ ਰਿੰਗ ਰੋਡ 'ਤੇ ਆਵਾਜਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।


ਕੇਰਲ ਵਿੱਚ ਭਾਰੀ ਮੀਂਹ ਜਾਰੀ


ਕੇਰਲ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਅਤੇ ਕੁਝ ਡੈਮਾਂ ਵਿੱਚ ਪਾਣੀ ਆਪਣੀ ਸਟੋਰੇਜ ਸਮਰੱਥਾ ਦੇ ਨੇੜੇ ਪਹੁੰਚਣ ਨਾਲ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਰਾਜ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਨਦੀਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਲਈ ਅਲਰਟ ਜਾਰੀ ਕੀਤਾ ਹੈ।