ਨਵੀਂ ਦਿੱਲੀ: ਮੌਸਮ 'ਚ ਹੋਈ ਤਬਦੀਲੀ ਕਾਰਨ ਗਰਮੀ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਉੱਤਰ ਭਾਰਤ 'ਚ ਤਾਪਮਾਨ ਤੇਜ਼ੀ ਨਾਲ ਵੱਧਣਾ ਸ਼ੁਰੂ ਹੋ ਗਿਆ ਹੈ। ਦਿੱਲੀ ਦੀ ਗਰਮੀ ਨੇ 76 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਕਈ ਸੂਬਿਆਂ 'ਚ ਲੂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਅਸਰ ਉੱਤਰੀ ਮੈਦਾਨੀ ਸੂਬਿਆਂ 'ਚ ਨਜ਼ਰ ਆ ਸਕਦਾ ਹੈ।
ਦਿੱਲੀ 'ਚ 76 ਸਾਲ ਦਾ ਰਿਕਾਰਡ ਟੁੱਟਿਆ
ਦਿੱਲੀ 'ਚ ਹੋਲੀ ਵਾਲੇ ਦਿਨ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 76 ਸਾਲਾਂ 'ਚ ਮਾਰਚ ਵਿੱਚ ਸਭ ਤੋਂ ਵੱਧ ਹੈ। ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 8 ਡਿਗਰੀ ਵੱਧ ਹੈ।
ਵਿਭਾਗ ਅਨੁਸਾਰ ਮੈਦਾਨੀ ਇਲਾਕਿਆਂ 'ਚ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਵੇ ਤੇ ਆਮ ਨਾਲੋਂ ਘੱਟੋ-ਘੱਟ 4.5 ਡਿਗਰੀ ਸੈਲਸੀਅਸ ਹੋਵੇ ਤਾਂ ਇਸ ਨੂੰ 'ਲੂ' ਐਲਾਨ ਦਿੱਤਾ ਜਾਂਦਾ ਹੈ। ਉੱਥੇ ਹੀ ਆਮ ਤਾਪਮਾਨ 6.5 ਡਿਗਰੀ ਸੈਲਸੀਅਸ ਤੋਂ ਉੱਪਰ ਹੋਣ 'ਤੇ 'ਗੰਭੀਰ ਲੂ' ਦਾ ਐਲਾਨ ਕੀਤਾ ਜਾਂਦਾ ਹੈ।
ਸ੍ਰੀਵਾਸਤਵ ਨੇ ਕਿਹਾ, "31 ਮਾਰਚ 1945 ਤੋਂ ਬਾਅਦ ਇਹ ਮਾਰਚ ਦਾ ਸਭ ਤੋਂ ਗਰਮ ਦਿਨ ਸੀ, ਜਦੋਂ ਰਾਸ਼ਟਰੀ ਰਾਜਧਾਨੀ 'ਚ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।" ਵਿਭਾਗ ਅਨੁਸਾਰ ਦਿੱਲੀ ਦੇ ਨਜਫ਼ਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 41.8 ਡਿਗਰੀ ਸੈਲਸੀਅਸ, ਨਰੇਲਾ 'ਚ 41.7 ਡਿਗਰੀ ਸੈਲਸੀਅਸ, ਪੀਤਮਪੁਰਾ ਵਿੱਚ 41.6 ਡਿਗਰੀ ਅਤੇ ਪੂਸਾ 'ਚ 41.5 ਡਿਗਰੀ ਸੈਲਸੀਅਸ ਰਿਹਾ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ 20.6 ਡਿਗਰੀ ਸੈਲਸੀਅਸ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਰਿਹਾ।
ਦੇਸ਼ ਦੇ ਹਿਮਾਲਿਆਈ ਖੇਤਰਾਂ 'ਚ ਪੈਦਾ ਹੋਈ ਪੱਛਮੀ ਗੜਬੜੀ ਨੇ ਹੁਣ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਪੂਰਬੀ ਦਿਸ਼ਾ ਦਾ ਰੁੱਖ ਕਰ ਲਿਆ ਹੈ। ਉੱਥੇ ਹੀ ਮਹਾਰਾਸ਼ਟਰ 'ਚ ਚੱਕਰਵਾਤੀ ਤੂਫ਼ਾਨ ਦੀ ਸਥਿਤੀ ਬਣੀ ਹੋਈ ਹੈ।
ਅਗਲੇ 24 ਘੰਟੇ 'ਚ ਮੌਸਮ ਕਿਵੇਂ ਰਹੇਗਾ
ਸਕਾਈਮੇਟ ਵੈਦਰ ਦੀ ਰਿਪੋਰਟ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਉੜੀਸਾ, ਪੱਛਮੀ ਬੰਗਾਲ, ਰਾਜਸਥਾਨ ਅਤੇ ਗੁਜਰਾਤ 'ਚ ਗਰਮ ਹਵਾਵਾਂ ਦਾ ਕਹਿਰ ਜਾਰੀ ਰਹੇਗਾ। ਇੰਨਾ ਹੀ ਨਹੀਂ, ਮੈਦਾਨੀ ਇਲਾਕਿਆਂ ਵਾਲੇ ਸੂਬਿਆਂ 'ਚ ਵੀ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਸਕਦਾ ਹੈ। ਨਾਲ ਹੀ ਅੱਜ ਤੋਂ ਉੱਤਰੀ ਮੈਦਾਨੀ ਇਲਾਕਿਆਂ 'ਚ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਹਾਲਾਂਕਿ ਕੇਰਲ ਤੇ ਤਾਮਿਲਨਾਡੂ ਦੇ ਕੁਝ ਇਲਾਕਿਆਂ 'ਚ ਮੀਂਹ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904