ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ ਕਾਰਨ ਕਣਕ ਦੀ ਪੱਕੀ ਹੋਈ ਖੜ੍ਹੀ ਫ਼ਸਲ ਡਿੱਗ ਕੇ ਨਸ਼ਟ ਹੋ ਗਈ ਹੈ।

 

ਇਹ ਵਰਤਾਰਾ ਪੂਰੇ ਪੰਜਾਬ ਵਿੱਚ ਵਾਪਰਿਆ। ਖੇਤੀ ਮਾਹਰਾਂ ਮੁਤਾਬਕ ਮੌਸਮ ਵਿੱਚ ਅਚਾਨਕ ਤਬਦੀਲੀ ਕਾਰਨ ਕਿਸਾਨਾਂ ਨੂੰ ਬਹੁਤ ਦਿੱਕਤ ਹੋਈ ਹੈ, ਕਿਉਂਕਿ ਖੇਤਾਂ ਵਿੱਚ ਕਣਕ ਖੜ੍ਹੀ ਹੈ। ਮਾਹਰਾਂ ਨੇ ਦੱਸਿਆ ਕਿ ਜੇਕਰ ਅੱਜ ਜਾਂ ਕੱਲ੍ਹ ਹੋਰ ਮੀਂਹ ਪੈਂਦਾ ਹੈ ਤਾਂ ਕਣਕ ਦਾ ਝਾੜ 10 ਫ਼ੀ ਸਦੀ ਘਟ ਸਕਦਾ ਹੈ।

ਖੇਤੀ ਮਾਹਰਾਂ ਨੇ ਦੱਸਿਆ ਕਿ ਇਹ ਮੀਂਹ ਨਾ ਸਿਰਫ਼ ਕਣਕ ਲਈ ਬਲਕਿ ਸਬਜ਼ੀਆਂ ਲਈ ਵੀ ਮਾਫ਼ਿਕ ਨਹੀਂ ਹੈ। ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਪੱਕੀ ਹੋਈ ਕਣਕ ਵਿਛ ਗਈ ਹੈ, ਇਸ ਨਾਲ ਵਾਢੀ ਪਛੜ ਸਕਦੀ ਹੈ।

ਸਾਉਣ ਵਾਂਗ ਪਏ ਇਸ ਮੀਂਹ ਨੇ ਮੰਡੀਆਂ ਵਿੱਚ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨਾਂ ਦੀ ਜਿਣਸ ਦੀ ਚੁਕਾਈ ਤੋਂ ਪਹਿਲਾਂ ਹੀ ਭਿੱਜ ਗਈ। ਸੂਬੇ ਦੀਆਂ ਕਈ ਮੰਡੀਆਂ ਵਿੱਚ ਸ਼ੈੱਡ ਤੇ ਮੀਂਹ ਤੋਂ ਬਚਾਅ ਲਈ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਤਕਰੀਬਨ ਪੂਰੇ ਸੂਬੇ ਵਿੱਚ ਵਾਢੀ ਸ਼ੁਰੂ ਹੋ ਗਈ ਹੈ ਤੇ ਭਰਵੀਂ ਬਾਰਿਸ਼ ਪੈਣ ਕਾਰਨ ਕਣਕ ਦੀ ਕਟਾਈ ਵਿੱਚ ਵੀ ਮੁਸ਼ਕਲ ਆਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।