ਚੰਡੀਗੜ੍ਹ: ਮੌਸਮ ਦੀ ਗੜਬੜੀ ਕਾਰਨ ਕਣਕ ਦੀ ਫਸਲ ਦੀ ਵਾਢੀ ਹਫ਼ਤੇ ਤਕ ਪੱਛੜ ਸਕਦੀ ਹੈ। ਹਾਲਾਂਕਿ, ਪਹਿਲੀ ਅਪਰੈਲ ਤੋਂ ਵਾਢੀ ਦੀ ਸ਼ੁਰੂਆਤ ਹੋਣੀ ਸੀ, ਪਰ ਹੁਣ ਪੱਛੜਣ ਕਾਰਨ ਕਣਕ 20 ਅਪਰੈਲ ਤਕ ਮੰਡੀਆਂ ਵਿੱਚ ਪੁੱਜੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਝਾੜ ਪ੍ਰਭਾਵਿਤ ਨਹੀਂ ਹੋਵੇਗਾ। ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ 'ਤੇ ਵਾਢੀ ਅਪਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਪੈ ਸਕਦੀ ਹੈ। ਹਾਲਾਂਕਿ ਕਈ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕੇ ਦੇ ਵਿਛਣ ਦੀਆਂ ਖ਼ਬਰਾਂ ਹਨ।
ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ।
ਉੱਧਰ, ਰੋਜ਼ਾਨਾ ਬਦਲ ਰਹੇ ਮੌਸਮ ਨੇ ਫਲ ਕਾਸ਼ਤਕਾਰਾਂ ਦੇ ਫਿਕਰ ਵਧਾ ਦਿੱਤੇ ਹਨ। ਕਿੰਨੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਦਾ ਕਿੰਨੂ ਦੀ ਫਸਲ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਹੈ। ਮੀਂਹ ਤੇ ਧੁੱਪ ਕਾਰਨ ਤਾਪਮਾਨ ਯਕਦਮ ਬਦਲਦਾ ਹੈ ਜੋ ਫਲ ਦੀ ਗੁਣਵੱਤਾ ਘਟਾ ਦਿੰਦਾ ਹੈ, ਜਿਸ ਨਾ ਨੁਕਸਾਨ ਵਧੇਰੇ ਹੁੰਦਾ ਹੈ।
ਖੇਤੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਵੀ ਮੌਸਮ ਕਾਰਨ ਵਾਢੀ ਦੇ ਥੋੜ੍ਹਾ ਪੱਛੜ ਜਾਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਬਦੀਲੀ ਕਾਰਨ ਪੂਰੇ ਸੀਜ਼ਨ 'ਤੇ ਕੋਈ ਅਸਰ ਨਹੀਂ ਦਿੱਸੇਗਾ। ਖੇਤੀ ਅਫਸਰ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਹਾਲੇ ਤਕ ਖੜ੍ਹੀ ਫਸਲ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਹਾਲਾਂਕਿ, ਖੇਤੀ ਮਾਹਰ ਮੰਨਦੇ ਹਨ ਕਿ ਜੇਕਰ ਮੌਸਮ ਦੀ ਤਬਦੀਲੀ ਆਉਂਦੇ ਦਿਨਾਂ ਵਿੱਚ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੈ ਤਾਂ ਵਾਢੀਆਂ ਇੱਕਦਮ ਸ਼ੁਰੂ ਹੋਣਗੀਆਂ, ਜਿਸ ਕਾਰਨ ਮੰਡੀਆਂ 'ਤੇ ਬੋਝ ਵਧ ਸਕਦਾ ਹੈ ਤੇ ਖਰੀਦ ਪ੍ਰਬੰਧ ਸੁਸਤ ਹੋ ਸਕਦੇ ਹਨ।