ਚੰਡੀਗੜ੍ਹ: ਫਰੀਦਕੋਟ ਜ਼ਿਲ੍ਹੇ ਵਿੱਚ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਸੈਂਕੜੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਵਿਭਾਗ ਸਬਸਿਡੀ ਵਾਲਾ ਬੀਜ ਲਈ ਵਾਧੂ ਦੀ ਕਾਗਜ਼ੀ ਕਾਰਵਾਈ ਵਿੱਚ ਉਲਝਾ ਰਿਹਾ ਹੈ ਤੇ ਉਨ੍ਹਾਂ ਨੂੰ ਦਫ਼ਤਰਾਂ ਦੇ ਕਈ-ਕਈ ਚੱਕਰ ਮਾਰਨੇ ਪੈ ਰਹੇ ਹਨ।


ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੀਜ ਦੇਣ ਤੋਂ ਪਹਿਲਾਂ ਉਹਨਾਂ ਕੋਲੋਂ ਸ਼ਨਾਖਤੀ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਸਰਪੰਚ ਦੀ ਗਵਾਹੀ ਅਤੇ ਇੱਕ ਫਾਰਮ ਭਰਨ ਨੂੰ ਕਿਹਾ ਹੈ। ਖੇਤੀਬਾੜੀ ਵਿਭਾਗ ਨੇ ਕਿਹਾ ਕਿ ਇਹ ਸਭ ਕੁਝ ਸਬਸਿਡੀ ਵਾਲੇ ਬੀਜ ਨੂੰ ਪਾਰਦਰਸ਼ੀ ਢੰਗ ਨਾਲ ਤਕਸੀਮ ਕਰਨ ਲਈ ਕੀਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲੇ ਵਿੱਚ 1 ਲੱਖ 17 ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਹੋਣੀ ਹੈ। ਇਸ ਰਕਬੇ ਦੀ ਬਿਜਾਈ ਲਈ 11 ਹਜ਼ਾਰ ਕੁਇੰਟਲ ਬੀਜ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਮੁਹੱਈਆ ਕਰਵਾਇਆ ਜਾਣਾ ਹੈ। ਫਰੀਦਕੋਟ, ਮਚਾਕੀ, ਸਾਦਿਕ, ਗੋਲੇਵਾਲਾ, ਕੋਟਸੁਖੀਆ, ਜੈਤੋ, ਕੋਟਕਪੂਰਾ, ਬਰਗਾੜੀ, ਬਾਜਾਖਾਨਾ ਆਦਿ ਥਾਵਾਂ ‘ਤੇ ਬੀਜ ਵੰਡਣ ਲਈ ਸਰਕਲ ਦਫ਼ਤਰ ਬਣਾਏ ਗਏ ਹਨ।

ਵਿਭਾਗ ਦੇ ਸੂਤਰਾਂ ਅਨੁਸਾਰ ਬੀਜ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਜਦਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿਰਫ਼ 11 ਹਜ਼ਾਰ ਕੁਇੰਟਲ ਬੀਜ ਹੀ ਦਿੱਤਾ ਜਾਣਾ ਹੈ ਜੋ ਲੋੜ ਤੋਂ ਕਾਫ਼ੀ ਘੱਟ ਹੈ।

‘ਆਪ’ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਕਿਸਾਨਾਂ ਦੀ ਸਭ ਤੋਂ ਵੱਧ ਬੇਕਦਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਬੀਜ ਮੁਹੱਈਆ ਨਹੀਂ ਕਰਵਾਏ ਜਾ ਰਹੇ ਅਤੇ ਉਨ੍ਹਾਂ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਐੱਮ.ਐੱਸ ਜੱਗੀ ਨੇ ਕਿਹਾ ਕਿ ਸਬਸਿਡੀ ਵਾਲਾ ਬੀਜ ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਵੀ ਕਿਸਾਨ ਦੀ ਉਹਨਾਂ ਨੂੰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।