ਚੰਡੀਗੜ੍ਹ: ਹਰਿਆਣਾ ਦੀ ਸ਼ਾਨ ਸਪਨਾ ਮਰਸਜ਼ੀਜ਼ ਤੋਂ ਵੀ ਮਹਿੰਗੀ ਵਿਕੀ ਹੈ। 27 ਲੱਖ ਦੀ ਬੋਲੀ ਦੇ ਕੇ ਬਿਹਾਰ ਵਾਲਿਆਂ ਨੇ ਉਸ ਨੂੰ ਆਪਣਾ ਬਣਾ ਲਿਆ। ਜੀ ਹਾਂ ਗੱਲ ਹੋ ਰਹੀ ਹੈ ਮੁਰ੍ਹਾ ਨਸਲ ਦੀ ਮੱਝ ਸਪਨਾ ਦੀ। ਹਰਿਆਣਾ ਦੇ ਜੀਂਦ ਸ਼ਹਿਰ ਦੇ ਪੁਰਾਣੇ ਸਬਜ਼ੀ ਮੰਡੀ ਰੋਡ ਉੱਤੇ ਸਥਿਤ ਹਰਿਆਣਾ ਦੇ 'ਮੁਰ੍ਹਾ ਫਾਰਮ' ਦੇ ਮਾਲਕ ਨੇ ਲੱਗਜ਼ਰੀ ਗੱਡੀ ਤੋਂ ਵੀ ਮਹਿੰਗੀ ਕੀਮਤ ਉੱਤੇ ਮੁਰ੍ਹਾ ਨਸਲ ਦੀ ਮੱਝ ਸਪਨਾ ਨੂੰ ਵੇਚਿਆ ਹੈ।
ਬਿਹਾਰ ਦੇ ਇੱਕ ਵੱਡੇ ਵਪਾਰੀ ਨੇ ਸ਼ਨੀਵਾਰ ਨੂੰ ਇਸ ਮੱਝ ਨੂੰ ਖ਼ਰੀਦਿਆ ਹੈ। ਖ਼ਾਸ ਗੱਲ ਇਹ ਹੈ ਕਿ ਹਰਿਆਣਾ ਦਾ ਮੁਰ੍ਹਾ ਫਾਰਮ ਦੇ ਮਾਲਕ ਰਵਿੰਦਰ ਨੇ ਚਾਰ ਦਿਨ ਪਹਿਲਾਂ ਹੀ ਨਰਵਾਣਾ ਦੇ ਲੋਹ ਚੱਬ ਪਿੰਡ ਤੋਂ ਸਪਨਾ ਸਾਢੇ ਸੱਤ ਲੱਖ ਰੁਪਏ ਵਿੱਚ ਖ਼ਰੀਦੀ ਸੀ। ਸਪਨਾ ਸਰੀਰ ਤੋਂ ਕਾਫ਼ੀ ਸੁੰਦਰ ਤੇ ਸਡੌਲ ਹੈ। ਸਪਨਾ ਸਾਢੇ ਤਿੰਨ ਸਾਲ ਦੀ ਹੈ।
ਇਹ ਹੈ ਸਪਨਾ ਦੀ ਖ਼ੁਰਾਕ-
ਡੇਅਰੀ ਮਾਲਕ ਰਵਿੰਦਰ ਨੇ ਦੱਸਿਆ ਕਿ ਉਹ ਸਪਨਾ ਨੂੰ ਪ੍ਰਤੀ ਦਿਨ ਖ਼ੁਰਾਕ ਵਿੱਚ ਚਣਾ, ਬਿਨੌਲਾ, ਦਲ਼ੀਆ, ਸੋਆ, ਮੇਥੀ, ਮੱਕਾ ਤੇ ਸਰ੍ਹੋਂ ਦਾ ਤੇਲ ਮਿਕਸ ਕਰਕੇ ਦਿੰਦਾ ਸੀ। ਸਪਨਾ ਦੀ ਪ੍ਰਤੀ ਦਿਨ ਦੀ ਖ਼ੁਰਾਕ ਅੱਠ ਕਿੱਲੋ ਮਿਕਸਚਰ ਦੀ ਹੈ।
ਪਹਿਲਾਂ ਵੀ ਵੇਚ ਚੁੱਕਾ ਹੈ 15 ਲੱਖ ਦੀ ਮੱਝ-
ਡੇਅਰੀ ਮਾਲਕ ਰਵਿੰਦਰ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਮਹਿੰਗੀ ਕੀਮਤ ਉੱਤੇ ਕਈ ਮੱਝਾਂ ਵੇਚ ਚੁੱਕਿਆ ਹੈ। ਰਵਿੰਦਰ ਅਨੁਸਾਰ ਉਹ 15 ਲੱਖ, ਸਾਢੇ ਛੇ ਲੱਖ ਤੇ ਸਾਢੇ ਚਾਰ ਲੱਖ ਰੁਪਏ ਦੀਆਂ ਮੱਝਾਂ ਵੇਚ ਚੁੱਕਾ ਹੈ।