ਚੰਡੀਗੜ੍ਹ : ਮਿਰਚਾਂ ਦਾ ਮੂਲ ਸਥਾਨ ਅਮਰੀਕਾ ਹੈ। ਪੰਜਾਬ ਵਿਚ 6.82 ਹਜ਼ਾਰ ਹੈਕਟੇਅਰ ਰਕਬੇ ਵਿਚ ਮਿਰਚਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ 11.78 ਹਜ਼ਾਰ ਟਨ ਹੁੰਦੀ ਹੈ। ਹਰੀ ਮਿਰਚ ਆਚਾਰ ਬਣਾਉਣ ਵਾਸਤੇ ਵਰਤੀ ਜਾਂਦੀ ਹੈ ਅਤੇ ਲਾਲ ਮਿਰਚ ਤੋਂ ਪਾਊਡਰ, ਪੇਸਟ ਅਤੇ ਉਲਿਉਰੇਜਿਨ ਤਿਆਰ ਕੀਤੇ ਜਾਂਦੇ ਹਨ ਜੋ ਮਸਾਲੇ ਦੇ ਤੌਰ ‘ਤੇ ਵਰਤੇ ਜਾਂਦੇ ਹਨ ਅਤੇ ਇਸ ਦਾ ਉਲਿੳਰੇਜਿਨ ਅਨੇਕਾਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ।


ਮੁਨਾਫ਼ਾ:  ਮਿਰਚ ਦੀ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਹਰੀ ਮਿਰਚ ਦਾ ਭਾਅ ਜੇਕਰ ਕਿਸਾਨਾਂ ਨੂੰ ਘੱਟ ਮਿਲੇ ਤਾਂ ਉਹ ਇਸ ਨੂੰ ਪਕਾ ਕੇ ਵਧੀਆ ਭਾਅ ‘ਤੇ ਵੇਚ ਸਕਦੇ ਹਨ ਅਤੇ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਚੰਗੀ ਕਿਸਮ ਦੀ ਲਾਲ ਮਿਰਚ ਦਾ ਰੇਟ 12000 ਕੁਇੰਟਲ ਤੱਕ ਹੋ ਸਕਦਾ ਹੈ |ਇਸ ਤੋਂ ਇਲਾਵਾ ਸੁੱਕੀ ਹੋਈ ਲਾਲ ਮਿਰਚ ਦਾ ਪਾਊਡਰ ਜਾ ਪੇਸਟ ਬਣਾ ਕੇ ਵੇਚ ਸਕਦੇ ਹੋ ਜਿਸ ਦੀ ਕੀਮਤ ਲਗਭਗ 200-300 ਪ੍ਰਤੀ ਕਿੱਲੋ ਹੈ।


1 ਏਕੜ ਜ਼ਮੀਨ ‘ਚ ਮਿਰਚਾਂ ਦੇ 10 ਹਜ਼ਾਰ ਪੌਦੇ ਲਗਾਏ ਜਾਂਦੇ ਹਨ ਤੇ ਇੱਕ ਸੀਜ਼ਨ ‘ਚ ਕਿਸਾਨ 60 ਤੋਂ 70 ਕੁਇੰਟਲ ਅਤੇ ਵੱਧ ਤੋਂ ਵੱਧ ਸੌ ਕੁਇੰਟਲ ਤੱਕ ਮਿਰਚ ਦਾ ਝਾੜ ਪ੍ਰਾਪਤ ਕਰ ਸਕਦਾ ਹੈ| ਇਸ ਵਾਰ (2016) ਕਿਸਾਨ ਆਮ ਹੀ 3 ਲੱਖ ਰੁਪਏ ਪ੍ਰਤੀ ਏਕੜ ਤੋਂ ਵੱਧ ਕਮਾ ਰਹੇ ਹਨ ਕਿਉਂਕਿ ਇਸ ਸਾਲ ਹਰੀ ਮਿਰਚ ਦਾ ਪੰਜਾਬ ਦੀਆਂ ਮੰਡੀਆਂ ਵਿਚ ਭਾਅ 15 ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ ਨਹੀਂ ਆਇਆ ਅਤੇ ਇਹ ਭਾਅ ਵੀ ਸਿਰਫ਼ ਜੁਲਾਈ ਦੇ ਸ਼ੁਰੂ ਸਿਰਫ਼ ਅੱਠ-ਦਸ ਦਿਨ ਹੀ ਰਿਹਾ ਜਦਕਿ ਉਸ ਤੋਂ ਬਾਅਦ ਇਸ ਦਾ ਗਰਾਫ਼ ਵਧਦਾ ਵਧਦਾ 45 ਰੁਪਏ ਪ੍ਰਤੀ ਕਿੱਲੋ ਤਕ ਚਲਾ ਗਿਆ। ਆਮ ਤੋਰ ਤੇ ਮਿਰਚਾਂ ਦਾ ਭਾਅ 5-10 ਕਿੱਲੋ ਤੱਕ ਰਹਿੰਦਾ ਹੀ ਹੈ।


ਕਿਸਮਾਂ: ਪੰਜਾਬ ਸੰਧੂਰੀ: ਇਹ ਇੱਕ ਅਗੇਤੀ ਕਿਸਮ ਹੈ ਅਤੇ ਲਾਲ ਮਿਰਚ ਦੀ ਤੁੜਾਈ 75 ਦਿਨਾਂ ਵਿਚ ਹੋ ਜਾਂਦੀ ਹੈ।  ਇਸ ਦੇ ਫਲ ਲੰਮੇ , ਮੋਟੀ ਛਿੱਲੜ ਵਾਲੇ ਅਤੇ ਗੂੜ੍ਹੇ ਹਰੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ। ਇਸ ਦੀ ਔਸਤ ਪੈਦਾਵਾਰ 76 ਕੁਇੰਟਲ ਪ੍ਰਤੀ ਏਕੜ ਹੈ | ਪੰਜਾਬ ਤੇਜ਼: ਇਸ ਦੇ ਫਲ ਲੰਮੇ, ਪਤਲੀ ਛਿੱਲੜ ਵਾਲੇ ਅਤੇ ਹਲਕੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ | ਇਸ ਦੀ ਔਸਤ ਪੈਦਾਵਾਰ 56 ਕੁਇੰਟਲ ਪ੍ਰਤੀ ਏਕੜ ਹੈ।


ਪੰਜਾਬ ਸੁਰਖ਼: ਮਿਰਚਾਂ ਕਾਫ਼ੀ ਲੰਮੀਆਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਲਾਦ ਵਾਸਤੇ ਵਰਤੀਆਂ ਜਾਂਦੀਆਂ ਹਨ | ਇਹ ਕਿਸਮ ਵਿਸ਼ਾਣੂ ਰੋਗ ਨੂੰ ਕਾਫ਼ੀ ਹੱਦ ਤਕ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਹੈ।


ਪੰਜਾਬ ਗੁੱਛੇਦਾਰ : ਇਸ ਕਿਸਮ ਦੀਆਂ ਮਿਰਚਾਂ ਛੋਟੀਆਂ ਹੁੰਦੀਆਂ ਹਨ ਅਤੇ 5-16 ਮਿਰਚਾਂ ਇਕੱਠੀਆਂ ਗੁੱਛਿਆਂ ਵਿਚ ਲੱਗਦੀਆਂ ਹਨ | ਜਦੋਂ ਮਿਰਚ ਨੂੰ ਤੋੜਿਆ ਜਾਂਦਾ ਹੈ ਤਾਂ ਡੰਡੀ ਪਿੱਛੇ ਰਹਿ ਜਾਂਦੀ ਹੈ | ਇਹ ਕਿਸਮ ਵੀ ਵਿਸ਼ਾਣੂ-ਰੋਗ ਅਤੇ ਮਿਰਚਾਂ ਦੇ ਗਲਣ ਰੋਗ ਨੂੰ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 60 ਕੁਇੰਟਲ ਪ੍ਰਤੀ ਏਕੜ ਹੈ।


ਦੋਗਲੀਆਂ (hybrid)ਕਿਸਮਾਂ- ਸੀ.ਐਚ-1: ਇਹ ਮਿਰਚਾਂ ਦੀ ਦੋਗਲੀ ਕਿਸਮ ਹੈ ਅਤੇ ਇਸ ਦੇ ਪੌਦੇ ਲੰਮੇ ਹੁੰਦੇ ਹਨ ਅਤੇ ਟਹਿਣੀਆਂ ਵੀ ਕਾਫ਼ੀ ਹੁੰਦੀਆਂ ਹਨ | ਇਸ ਦੇ ਪੌਦੇ ਕਾਫ਼ੀ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ | ਮਿਰਚਾਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ | ਮਿਰਚਾਂ ਕਾਫ਼ੀ ਕੌੜੀਆਂ ਹੁੰਦੀਆਂ ਹਨ ਅਤੇ ਪੱਕਣ ਤੇ ਗੂੜ੍ਹੇ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਇਹ ਕਿਸਮ ਪਾਊਡਰ, ਪੇਸਟ ਅਤੇ ਤੇਲ ਆਦਿ ਬਣਾਉਣ ਵਾਸਤੇ ਵਧੀਆ ਰਹਿੰਦੀ ਹੈ | ਇਹ ਕਿਸਮ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਸਹਿਣ ਕਰ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 100 ਕੁਇੰਟਲ ਪ੍ਰਤੀ ਏਕੜ ਹੈ।


ਸੀ. ਐਚ-3: ਇਹ ਵੀ ਮਿਰਚਾਂ ਦੀ ਦੋਗਲੀ ਕਿਸਮ ਹੈ | ਇਹ ਕਿਸਮ ਜਲਦੀ ਪੱਕਦੀ ਹੈ | ਅਤੇ ਮਿਰਚਾਂ ਘੱਟ ਕੌੜੀਆਂ ਹੁੰਦੀਆਂ ਹਨ | ਇਸ ਦਾ ਜ਼ਿਆਦਾਤਰ ਪੇਸਟ ਤਿਆਰ ਕੀਤਾ ਜਾਂਦਾ ਹੈ | ਇਹ ਕਿਸਮ ਵਿਸ਼ਾਣੂ ਰੋਗ ਨੂੰ ਹੋਰ ਕਿਸਮਾਂ ਨਾਲੋਂ ਕਾਫ਼ੀ ਹੱਦ ਤੱਕ ਸਹਿਣ ਕਰ ਸਕਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ 110 ਕੁਇੰਟਲ ਪ੍ਰਤੀ ਏਕੜ ਹੈ।


ਪਨੀਰੀ- ਪਨੀਰੀ ਬੀਜਣ ਦਾ ਸਮਾਂ : ਪਨੀਰੀ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਦੇਣੀ ਚਾਹੀਦੀ ਹੈ | ਇਸ ਵਾਸਤੇ 200 ਗਰਾਮ ਬੀਜ ਪ੍ਰਤੀ ਏਕੜ ਬੀਜਣ ਵਾਸਤੇ ਕਾਫ਼ੀ ਹੈ।


ਪਨੀਰੀ ਪੁੱਟ ਕੇ ਲਾਉਣਾ ਅਤੇ ਫ਼ਾਸਲਾ: ਫਰਵਰੀ-ਮਾਰਚ ਵਿਚ ਪਨੀਰੀ ਪੁੱਟ ਕੇ ਲੱਗਾ ਦੇਣੀ ਚਾਹੀਦੀ ਹੈ। ਬੂਟਿਆਂ ਨੂੰ ਵੱਟਾਂ ਉੱਪਰ 75 ਸੈਂਟੀਮੀਟਰ ਦੇ ਫ਼ਾਸਲੇ ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ।  ਜੇਕਰ ਵੱਟਾਂ ਬੈੱਡ ਮੇਕਰ ਜਾਂ ਆਲੂ ਬੀਜ ਜੰਤਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾਂ ਵਿਚਲਾ ਫ਼ਾਸਲਾ ਵਧਾਇਆ ਜਾ ਸਕਦਾ ਹੈ।


ਸਿੰਚਾਈ ਪਹਿਲਾ ਪਾਣੀ ਪਨੀਰੀ ਪੁੱਟ ਕੇ ਲਾਉਣ ‘ਤੇ ਇਕਦਮ ਬਾਅਦ ਲੱਗਾ ਦਿਓ | ਇਸ ਤੋਂ ਬਾਅਦ 7-10 ਦਿਨਾਂ ਦੇ ਵਕਫ਼ੇ ਮਗਰੋਂ ਪਾਣੀ ਦੇਣਾ ਚਾਹੀਦਾ ਹੈ।


ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ- ਮਿਰਚਾਂ ‘ਤੇ ਤੇਲਾ, ਜੂੰਆਂ ਅਤੇ ਚਿੱਟੀ ਮੱਖੀ ਜ਼ਿਆਦਾ ਹਮਲਾ ਕਰਦੀ ਹੈ | ਇਨ੍ਹਾਂ ਦੀ ਰੋਕਥਾਮ ਵਾਸਤੇ 400 ਮਿ. ਲੀ. ਮੈਲਾਥੀਆਨ 50 ਈ.ਸੀ. ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਮਗਰੋਂ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ|


ਮਿਰਚਾਂ ਦਾ ਗਲਣਾ : ਇਸ ਰੋਗ ਕਾਰਨ ਮਿਰਚਾਂ ਜਦੋਂ ਪੱਕਣ ‘ਤੇ ਆਉਂਦੀਆਂ ਹਨ ਤਾਂ ਸਿਰੇ ਤੋਂ ਸੁੱਕਣੀਆਂ ਅਤੇ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ | ਇਸ ਦੀ ਰੋਕਥਾਮ ਵਾਸਤੇ ਬੀਜ ਨੂੰ ਬੀਜਣ ਤੋਂ ਪਹਿਲਾਂ 2 ਗਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਇਸ ਤੋਂ ਇਲਾਵਾ ਖੜ੍ਹੀ ਫ਼ਸਲ ‘ਤੇ 750 ਗਰਾਮ ਇੰਡੋਫਿਲ ਐਮ-45 ਜਾਂ ਬਲਾਈਟੋਕਸ ਨੂੰ 250 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ।


ਪੱਤਿਆਂ ਦਾ ਸੁੰਗੜਨਾ: ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਚਿੱਟੀ ਮੱਖੀ ਦੁਆਰਾ ਫੈਲਦਾ ਹੈ | ਇਸ ਰੋਗ ਕਾਰਨ ਪੌਦੇ ਛੋਟੇ ਰਹਿ ਜਾਂਦੇ ਹਨ ਅਤੇ ਪੱਤੇ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ | ਇਸ ਦੀ ਰੋਕਥਾਮ ਵਾਸਤੇ ਬਿਮਾਰ ਪੌਦਿਆਂ ਨੂੰ ਪੁੱਟ ਕੇ ਦਬਾ ਦੇਣਾ ਚਾਹੀਦਾ ਹੈ ਅਤੇ ਬਾਕੀ ਪੌਦਿਆਂ ‘ਤੇ 400 ਮਿ: ਲੀ: ਮੈਲਾਥੀਆਨ 100 ਲੀਟਰ ਪਾਣੀ ਵਿਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਮਗਰੋਂ ਸਪਰੇਅ ਕਰ ਦੇਣੀ ਚਾਹੀਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904