ਚੰਡੀਗੜ੍ਹ: ਰਾਜ ਸਰਕਾਰ ਨੇ ਕਿਸਾਨਾਂ ਨੂੰ ਨਕਲੀ ਬੀਜ਼, ਖਾਦਾਂ ਤੇ ਕੀਟਾਨਾਸ਼ਕ ਤੇ ਬਿਨਾਂ ਬਿੱਲ ਤੋਂ ਵਿਕਰੀ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਕਰ ਲਈ ਹੈ। ਅਜਿਹੇ ਦੁਕਾਨਦਾਰਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਲਿਆ ਗਿਆ ਹੈ। ਕੋਈ ਵੀ ਦਕਾਨਦਾਰ ਜਾਂ ਡੀਲਰ ਬਿਨਾਂ ਬਿੱਲ ਜਾਰੀ ਕੀਤੇ ਖਾਦ ਨਹੀਂ ਵੇਚ ਸਕੇਗਾ। ਭਾਵੇਂ ਗਾਹਕ ਬਿੱਲ ਦੀ ਮੰਗ ਕਰੇ ਜਾਂ ਨਾ ਕਰੇ।


ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਤੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਤੇ ਨਕਲੀ ਕੀਟਨਾਸ਼ਕਾਂ ਦੇ ਮਾਰੂ ਸਿੱਟਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੂੰ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਖੇਤੀਬਾੜੀ ਸਕੱਤਰ ਨੇ ਅੱਗੇ ਦੱਸਿਆ ਕਿ ਅੰਤਰ-ਜ਼ਿਲ੍ਹਾ ਜਾਂਚ ਲਈ ਵੱਖ-ਵੱਖ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ। ਕੀਟਨਾਸ਼ਕਾਂ ਦੁਕਾਨਾਂ ਦੀ ਜਾਂਚ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਗੈਰ-ਮਿਆਰੀ ਦਵਾਈਆਂ ਵੇਚਣ ਵਾਲੇ ਡੀਲਰਾਂ ਵਿਰੁਧ ਵਿੱਢੀ ਵਿਆਪਕ ਮੁਹਿੰਮ ਸਿੱਟੇ ’ਤੇ ਨਹੀਂ ਪਹੁੰਚ ਜਾਂਦੀ।

ਚੈਕਿੰਗ ਦੌਰਾਨ ਕੁਝ ਡੀਲਰਾਂ ਦੇ ਬਿੱਲ ਬੁੱਕ ਵਿਚ ਕਿਸਾਨਾਂ ਦੇ ਨਾਮ ਨਹੀਂ ਲਿਖੇ। ਇਸ ਤੋਂ ਤੋਂ ਜਾਪਦਾ ਹੈ ਕਿ ਇਹ ਫ਼ਰਜੀ ਬਿੱਲ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਊਣਤਾਈਆਂ ਸਾਹਮਣੇ ਆਉਣ ਉੱਤੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜਵਾਬ ਤਸੱਲੀ ਬਖਸ਼ ਨਾਂ ਹੋਣ ਉੱਤੇ ਲਾਇਸੰਸ ਰੱਦ ਕੀਤਾ ਜਾਵੇਗਾ।