ਚੰਡੀਗੜ੍ਹ: ਹੁਣ ਪੰਜਾਬ ਦੇ ਕਿਸਾਨਾਂ ਨੂੰ ਪੀਲੀ ਕੁੰਗੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਜੀ ਹਾਂ ਕਣਕ ਦੀ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਨਵੀਂ ਕਿਸਮ ਪੀਬੀਡਬਲਯੂ 725 ਆ ਗਈ ਹੈ। ਇਸ ਕਿਸਮ ਦੇ ਪੀਲੀ ਕੁੰਗੀ ਨੇੜੇ ਵੀ ਨਹੀਂ ਲੱਗਦੀ। ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲੰਬੀ ਖੋਜ ਤੋਂ ਬਾਅਦ ਕੱਢੀ ਹੈ। ਇਸ ਕਿਸਮ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਨਵਤੇਜ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕਣਕ ਦੀ ਨਵੀਂ ਕਿਸਮ ਪੀਬੀਡਬਲਯੂ 725 ਪੀਏਯੂ ਨੇ ਅਗਸਤ 2016 ਵਿੱਚ ਰਿਲੀਜ਼ ਕੀਤੀ ਹੈ।
ਕਣਕ ਦੀ ਇਹ ਕਿਸਮ ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ, ਸ਼ਰਬਤੀ, ਸਖ਼ਤ ਅਤੇ ਚਮਕੀਲੇ ਹੁੰਦੇ ਹਨ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ ਅਤੇ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਇਸ ਨਵੀਂ ਕਿਸਮ ਦਾ ਪੁਰਾਣੀਆਂ ਕਿਸਮਾਂ ਨਾਲੋਂ ਝਾੜ ਜ਼ਿਆਦਾ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ ਜਿਹੜਾ ਕਿ ਪਹਿਲਾਂ ਪ੍ਰਚਲਿਤ ਕਿਸਮ ਨਾਲੋਂ 7.6 ਪ੍ਰਤੀਸ਼ਤ ਵੱਧ ਹੈ।
ਡਾ ਨਵਤੇਜ ਨੇ ਕਿਹਾ ਕਿ ਇਸ ਕਿਸਮ ਦਾ ਬੀਜ 50 ਰੁਪਏ ਪ੍ਰਤੀ ਕਿੱਲੋ ਹੈ। ਜਿਹੜਾ ਕਿ ਪੀਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਕਿਸਾਨ ਸਲਾਹਕਾਰ ਕੇਂਦਰ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਬੀਜ ਪ੍ਰਾਈਵੇਟ ਦੁਕਾਨਾਂ ਤੋਂ ਨਹੀਂ ਮਿਲਦਾ ਸਿਰਫ਼ ਪੀਏ ਯੂ ਦੇ ਸੈਂਟਰਾਂ ਤੋਂ ਹੀ ਮਿਲਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਨਵੀਂ ਕਿਸਮ ਦੀ ਬਿਜਾਈ ਤੇ ਵਾਢੀ ਦਾ ਸਮਾਂ ਵੀ ਪੁਰਾਣੀ ਕਿਸਮਾਂ ਵਾਂਗ ਹੀ ਹੁੰਦੀ ਹੈ ਤੇ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਇਸ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਪੀਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ।
ਪੀਲੀ ਕੁੰਗੀ ਦੇ ਲੱਛਣ
ਇਸ ਬਿਮਾਰੀ ਦੇ ਪ੍ਰਭਾਵ ਕਾਰਨ ਫ਼ਸਲ ਵੀ ਪੀਲੀ ਨਜ਼ਰ ਆਉਂਦੀ ਹੈ।
ਇਹ ਚਟਾਕ ਅਤੇ ਪੀਲੀਆਂ ਲੰਬੀਆਂ ਧਾਰੀਆਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਜੇਕਰ ਪ੍ਰਭਾਵਿਤ ਪੱਤੇ ਨੂੰ ਫੜ ਲਿਆ ਜਾਵੇ ਤਾਂ ਹੱਥ 'ਤੇ ਪੀਲੇ ਰੰਗ ਦਾ ਪਾਊਡਰ ਦਿਖਾਈ ਦਿੰਦਾ ਹੈ।
ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਦਾਣੇ ਪਤਲੇ ਹੋ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ।
ਇਹ ਬਿਮਾਰੀ ਪੱਤਿਆਂ ਤੋਂ ਪੌਦੇ ਦੇ ਫਲਾਂ ਤੱਕ ਵੀ ਫੈਲਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin