ਚੰਡੀਗੜ੍ਹ : ਪੰਜਾਬ ਦੀ ਪਛਾਣ ਲੱਸੀ ਹੁਣ ਖੇਤਾਂ 'ਚ ਫ਼ਸਲਾਂ ਦੀ ਸਿਹਤ ਦੀ ਜ਼ਿੰਮੇਵਾਰੀ ਵੀ ਸੰਭਾਲਣ ਲੱਗੀ ਹੈ। ਫ਼ਸਲਾਂ ਦੀ ਖ਼ਤਰਨਾਕ ਬਿਮਾਰੀਆਂ 'ਤੇ ਲੱਸੀ ਤਾਂ ਭਾਰੀ ਪੈਣ ਹੀ ਲੱਗੀ ਹੈ, ਨਾਲ ਹੀ ਬਿਨਾਂ ਪੈਸਟੀਸਾਈਟ ਤੋਂ ਝਾੜ ਵਧਾਉਣ ਲਈ ਵੀ ਮਦਦਗ਼ਾਰ ਸਾਬਤ ਹੋ ਰਹੀ ਹੈ। 'ਕੁਦਰਤੀ ਖੇਤੀ' ਦੇ ਇਸ ਵਿਸ਼ੇ ਨੂੰ ਖੇਤੀ ਵਿਭਾਗ ਦੇ ਮਾਹਰ ਵੀ ਜ਼ਰੂਰੀ ਸਮਝਣ ਲੱਗੇ ਹਨ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਇਸ ਦੀ ਵਰਤੋਂ ਹੋਣ ਵੀ ਲੱਗੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਨੰਦਨ ਪਿੰਡ ਦੇ ਅਸ਼ੋਕ ਕੁਮਾਰ ਤੇ ਬੁੱਲੋਵਾਲ ਦੇ ਮਾਸਟਰ ਮਦਨ ਲਾਲ ਅਜਿਹੇ ਦੋ ਸਫ਼ਲ ਕਿਸਾਨ ਹਨ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀ ਫ਼ਸਲ 'ਚ ਪੈਸਟੀਸਾਈਡ ਦਾ ਛਿੜਕਾਅ ਬੰਦ ਹੀ ਕਰ ਚੁੱਕੇ ਹਨ।


ਮਾਸਟਰ ਮਦਨ ਲਾਲ ਨੇ ਦੱਸਿਆ ਕਿ ਆਂਧਰ ਪ੍ਰਦੇਸ਼ ਦੇ ਸੁਭਾਸ਼ ਪਾਲੇਕਰ ਦੇ ਸੈਮੀਨਾਰ 'ਚ ਉਨ੍ਹਾਂ ਲੱਸੀ ਦੀ ਵਰਤੋਂ ਸਣੇ ਹੋਰ ਕਈ ਦੇਸੀ ਤਰੀਕੇ ਸਿੱਖ ਲਏ ਹਨ ਤੇ ਹੁਣ ਉਸ ਦੇ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ।


ਬਿਲਕੁਲ ਘੱਟ ਖ਼ਰਚੇ 'ਚ ਤਿਆਰ ਬਿਹਤਰ ਨਤੀਜੇ ਲੈਣ ਲਈ ਲੱਸੀ ਨੂੰ ਜ਼ਿਆਦਾ ਖੱਟੀ ਬਣਾਇਆ ਜਾਂਦਾ ਹੈ। 10-12 ਦਿਨ ਤਕ ਲੱਸੀ ਨੂੰ ਕਿਸੇ ਭਾਂਡੇ 'ਚ ਰੱਖਿਆ ਜਾਂਦਾ ਹੈ ਤਾਂ ਕਿ ਲੱਸੀ ਜ਼ਿਆਦਾ ਤੋਂ ਜ਼ਿਆਦਾ ਖੱਟੀ ਹੋ ਜਾਵੇ। ਅੌਸਤਨ ਇਕ ਲਿਟਰ ਦੁੱਧ ਦੀ ਤਿੰਨ ਲਿਟਰ ਲੱਸੀ ਤਿਆਰ ਕੀਤੀ ਜਾਂਦੀ ਹੈ।


ਮਿਲਾਇਆ ਜਾਂਦਾ ਹੈ ਲੋਹਾ ਤੇ ਤਾਂਬਾ ਲੱਸੀ ਨੂੰ ਖੱਟੀ ਹੋਣ ਲਈ ਜਦੋਂ ਰੱਖਿਆ ਜਾਂਦਾ ਹੈ ਤਾਂ ਉਸ 'ਚ ਲੋਹੇ ਦੇ ਕਿੱਲ ਤੇ ਤਾਂਬੇ ਦੇ ਕੁਝ ਟੁਕੜੇ ਵੀ ਪਾ ਦਿੱਤੇ ਜਾਂਦੇ ਹਨ। ਇਸ ਦੌਰਾਨ ਕੈਮੀਕਲ ਰੀਐਕਸ਼ਨ ਹੁੰਦਾ ਰਹਿੰਦਾ ਹੈ। ਇਸ ਵਜੋਂ ਲੱਸੀ ਦੇ ਘੋਲ 'ਚ ਫ਼ਸਲ ਲਈ ਜ਼ਰੂਰੀ ਪੋਸ਼ਕ ਤੱਤ ਤਿਆਰ ਹੋ ਜਾਂਦੇ ਹਨ।


ਇਕ ਏਕੜ 'ਚ ਅੱਠ ਲੀਟਰ ਲੱਸੀ ਦਾ ਛਿੜਕਾਅ ਜਦੋਂ ਲੋਹੇ ਤੇ ਤਾਂਬੇ ਨਾਲ ਖੱਟੀ ਲੱਸੀ ਦਾ ਘੋਲ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਛਿੜਕਾਅ ਲਈ ਤਿਆਰ ਹੁੰਦਾ ਹੈ। ਇਕ ਲਿਟਰ ਲੱਸੀ ਨੂੰ ਸਪ੍ਰੇਅ ਪੰਪ 'ਚ ਪਾਇਆ ਜਾਂਦਾ ਹੈ। ਅੌਸਤਨ ਇਕ ਏਕੜ 'ਚ ਛਿੜਕਾਅ ਕਰਨ ਲਈ ਅੱਠ ਲਿਟਰ ਦੇ ਕਰੀਬ ਲੱਸੀ ਦੀ ਵਰਤੋਂ ਕੀਤੀ ਜਾਂਦੀ ਹੈ।


ਪੀਲੀ ਕੁੰਗੀ ਤਕ ਤੋਂ ਬਚਾਅ ਲੱਸੀ ਦੇ ਛਿੜਕਾਅ ਨਾਲ ਕਣਕ ਦੀ ਖ਼ਤਰਨਾਕ ਬਿਮਾਰੀ ਪੀਲੀ ਕੁੰਗੀ ਤਕ ਤੋਂ ਬਚਾਅ ਹੁੰਦਾ ਹੈ। ਅਜਿਹਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਮਾਲਵਾ ਦੇ ਕੁਝ ਕਿਸਾਨਾਂ ਨੇ ਸਾਬਤ ਕੀਤਾ ਹੈ। ਇਸ ਦੇ ਇਲਾਵਾ ਵਾਇਰਲ ਤੇ ਫੰਗਸ ਸਬੰਧਤ ਬਿਮਾਰੀਆਂ ਨੂੰ ਕਾਬੂ ਕੀਤਾ ਜਾਂਦਾ ਹੈ।


ਮਿਲਦਾ ਹੈ ਫ਼ਸਲ ਦਾ ਜ਼ਿਆਦਾ ਝਾੜ ਲੱਸੀ ਦੇ ਛਿੜਕਾਅ ਨਾਲ ਫ਼ਸਲ ਬਿਮਾਰੀ ਤੋਂ ਦੂਰ ਰਹਿੰਦੀ ਹੈ ਤੇ ਬਿਨਾਂ ਬਿਮਾਰੀ ਦੇ ਫ਼ਸਲ ਦਾ ਝਾੜ ਵੀ ਚੰਗਾ ਮਿਲਦਾ ਹੈ। ਹੁਣ ਤਕ ਦੇ ਹੋਏ ਪ੍ਰਯੋਗ 'ਚ ਪ੍ਰਤੀ ਏਕੜ 1250 ਰੁਪਏ ਦਾ ਜ਼ਿਆਦਾ ਝਾੜ ਮਿਲਿਆ ਹੈ।