ਅਸ਼ਰਫ ਢੁੱਡੀ ਦੀ ਰਿਪੋਰਟ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਖਿਲਾਫ 132 ਪੇਜਾਂ ਦੀ ਚਾਰਜਸ਼ੀਟ ਜਾਰੀ ਕੀਤੀ ਹੈ। ਸੁਖਬੀਰ ਬਾਦਲ ਨੇ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ 'ਤੇ ਵੀ ਤਿੱਖਾ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ, 'ਆਪ' ਦੇ ਪ੍ਰਧਾਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਰਾਰ ਦਿੱਤਾ।

ਸੁਖਬੀਰ ਬਾਦਲ ਵੱਲੋਂ ਇਸ ਚਾਰਜਸ਼ੀਟ ਵਿੱਚ ਪੰਜਾਬ ਸਰਕਾਰ ਨੇ ਮੰਤਰੀਆਂ ਦੇ ਘੁਟਾਲਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਹਰ ਪਿੰਡ ਤੇ ਹਰ ਘਰ ਵਿੱਚ ਇਸ ਚਾਰਜਸ਼ੀਟ ਨੂੰ ਪਹੁੰਚਾਇਆ ਜਾਏਗਾ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅੱਜ ਤਕ ਆਪਣੇ ਮਹਿਲ ਵਿੱਚੋਂ ਨਹੀਂ ਨਿਕਲਿਆ। ਇਸ ਲਈ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੀ 'ਜਨਤਕ ਚਾਰਜਸ਼ੀਟ' ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਤਕ ਪਹੁੰਚਾਈ ਜਾਏਗੀ।

ਸੁਖਬੀਰ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਫਿਰੌਤੀਆਂ ਮੰਗ ਰਹੇ ਹਨ। ਪੁਲਿਸ ਕੋਲ ਜਦੋਂ ਲੋਕ ਜਾਂਦੇ ਹਨ ਤਾਂ ਪੁਲਿਸ ਆਪਣੇ ਹੱਥ ਖੜ੍ਹੇ ਕਰ ਦਿੰਦੀ ਹੈ। ਇਹ ਚਾਰਜਸ਼ੀਟ ਅਸੀਂ ਜਨਤਾ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਕਿ ਕੈਪਟਨ ਨੇ ਕਿਵੇਂ ਪੰਜਾਬ ਨੂੰ ਬਰਬਾਦ ਕੀਤਾ ਹੈ। ਝੂਠੀ ਸਹੁੰ ਖਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਹਿਲਾ ਕੈਪਟਨ ਹੈ ਜਿਸ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ। ਦੂਜਾ ਇਨਸਾਨ ਭਗਵੰਤ ਮਾਨ ਜਿਸ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ। ਅੱਜ ਵੀ ਰੋਜ ਬੋਤਲ ਸ਼ਰਾਬ ਦੀ ਪੀ ਕੇ ਟੱਲੀ ਰਹਿੰਦਾ ਹੈ। ਤੀਜਾ ਇਨਸਾਨ ਜਿਸ ਨੇ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਅਰਵਿੰਦ ਕੇਜਰੀਵਾਲ ਹੈ। ਕੇਜਰੀਵਾਲ ਕਹਿੰਦਾ ਸੀ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕਰਨਾ ਪਰ ਉਹੀ ਕਾਂਗਰਸ ਨਾਲ ਮਿਲਿਆ ਹੋਇਆ ਹੈ। ਐਸਵਾਈਐਲ ਤੇ ਪੰਜਾਬ ਵਿੱਚ ਕੇਜਰੀਵਾਲ ਦਾ ਪੱਖ ਕੁਝ ਹੋਰ ਤੇ ਦਿੱਲੀ ਵਿੱਚ ਕੁਝ ਹੋਰ ਹੈ। ਪੰਜਾਬ ਦੇ ਥਰਮਲ ਪਲਾਂਟ ਨੂੰ ਲੈ ਕੇ ਸਵਾਲ ਖੜ੍ਹੇ ਕਰਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਕਿ ਸਿੱਖ ਮੁੱਖ ਮੰਤਰੀ ਦਾ ਚਿਹਰਾ ਰੱਖਾਂਗਾ ਪਰ ਦਿੱਲੀ ਵਿੱਚ ਇੱਕ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ। ਕੇਜਰੀਵਾਲ ਸਿਰਫ ਝੂਠ 'ਤੇ ਝੂਠ ਬੋਲਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ 100 ਦਿਨ ਦੀ ਯਾਤਰਾ ਸ਼ੁਰੂ ਕਰ ਰਿਹਾ ਹਾਂ। ਜੀਰਾ ਤੋਂ ਯਾਤਰਾ ਸ਼ੁਰੂ ਕਰਾਂਗਾ ਤੇ ਇਸ ਯਾਤਰਾ ਦੌਰਾਨ ਕਿਸਾਨ, ਵਪਾਰੀ, ਉਦਯੋਗਪਤੀਆਂ, ਪੰਜਾਬ ਦੇ ਲੋਕਾਂ ਨੂੰ ਮਿਲਾਂਗਾ। ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਸਾਡੇ ਵਰਕਰ ਪਰਿਵਾਰਾਂ ਨੂੰ ਮਿਲਣਗੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਸੁਣਨਗੇ। ਜਨਤਾ ਦੀ ਗੱਲ ਸੁਣ ਕੇ ਅਸੀਂ ਆਪਣੀ ਨੀਤੀ ਬਣਾਵਾਂਗੇ।

ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਖਿਲਾਫ ਵਿਜੀਲੈਂਸ ਦੀ ਰਿਪੋਰਟ ਵੀ ਜਨਤਕ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਚੋਣਾਂ ਵਿੱਚ ਮੁਕਾਬਲਾ ਨਵਜੋਤ ਸਿੱਧੂ ਨਾਲ ਹੋਏਗਾ ਜਾਂ ਕੈਪਟਨ ਨਾਲ ਇਸ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਨਵਜੋਤ ਸਿੱਧੂ ਕਾਂਗਰਸ ਨੂੰ ਤਬਾਹ ਕਰ ਦੇਣਾ ਹੈ ਤੇ ਕਾਂਗਰਸ ਨੂੰ ਖਤਮ ਕਰਕੇ ਅੰਤਿਮ ਅਰਦਾਸ ਕਰਕੇ ਜਾਉਗਾ।