ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖੇਤੀ ਕਨੂੰਨ ਦੇ ਵਿਰੋਧ 'ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਦਬਾਅ ਬਣ ਰਿਹਾ ਹੈ। ਵਿਰੋਧੀਆਂ ਦੇ ਨਾਲ-ਨਾਲ ਕਾਂਗਰਸ ਦੇ ਅੰਦਰੋਂ ਵੀ ਕੈਪਟਨ ਤੋਂ ਸੈਸ਼ਨ ਬੁਲਾਉਣ ਦੀ ਮੰਗ ਉੱਠ ਰਹੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਨੂੰ ਸੱਤ ਦਿਨ ਦਾ ਅਲਟੀਮੇਟਮ ਦਿੱਤਾ ਕਿ ਉਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ, ਜਿਸ ਵਿਚ ਸਾਰੇ ਪੰਜਾਬ ਨੂੰ ਨੋਟੀਫਾਈਡ ਮੰਡੀ ਐਲਾਨਿਆ ਜਾਵੇ।
ਉਨ੍ਹਾਂ ਕਿਹਾ ਕੇਂਦਰ ਦੇ ਖੇਤੀਬਾੜੀ ਬਾਰੇ ਐਕਟ ਰੱਦ ਕੀਤੇ ਜਾਣ ਤੇ ਸੂਬੇ ਦਾ ਆਪਣਾ 2017 'ਚ ਸੋਧਿਆ ਏਪੀਐਮਸੀ ਐਕਟ ਰੱਦ ਕੀਤਾ ਜਾਵੇ। ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸੈਸ਼ਨ ਸੱਦਣ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਪਾਰਟੀ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਇਸ ਬਾਰੇ ਫੈਸਲਾ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ 'ਚ ਲਿਆ ਗਿਆ।
ਕੋਰ ਕਮੇਟੀ ਦੀ ਮੀਟਿੰਗ 'ਚ ਲਏ ਫੈਸਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦੇਣਾ ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਐਕਟਾਂ ਖਿਲਾਫ ਸਪਸ਼ਟ ਸਟੈਂਡ ਲੈਣ ਤੋਂ ਇਨਕਾਰ ਕਰਨ ਅਤੇ ਸਾਰੇ ਪੰਜਾਬ ਨੂੰ ਨੋਟੀਫਾਈਡ ਮੰਡੀ ਜਿਥੇ ਕੇਂਦਰ ਦੇ ਐਕਟ ਲਾਗੂ ਹੋਣ ਯੋਗ ਹੀ ਨਾ ਰਹਿਣਗੇ, ਐਲਾਨਣ ਤੋਂ ਨਾਂਹ ਕਰਨ ਦੀ ਜ਼ਿੱਦ ਕਾਰਨ ਜ਼ਰੂਰੀ ਹੋ ਗਿਆ ਸੀ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦੇ ਚੁਕੀਆਂ ਹਨ। ਇਥੋਂ ਤੱਕ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੀ ਕੈਪਟਨ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਕਹਿ ਚੁਕੇ ਹਨ, ਪਰ ਉਨ੍ਹਾਂ ਅਜੇ ਤੱਕ ਅਜਿਹਾ ਨਹੀਂ ਕੀਤਾ।