ਚੰਡੀਗੜ੍ਹ: ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਐਡਵਾਈਜ਼ਰ ਹੋਣਗੇ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਭੜਾਸ ਕੱਢੀ ਹੈ। ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਜੁਮਲੇਬਾਜ਼’ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰ ਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਵਾਸਤੇ ਮੁੜ ਝੂਠ ਦੇ ਪੁਲੰਦਿਆਂ ’ਤੇ ਨਿਰਭਰ ਕਰ ਰਹੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਕ ਮਿੰਟ ਲਈ ਉਨ੍ਹਾਂ 1500 ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਟਕਾ ਸਾਹਿਬ ਦੇ ਦਸਮ ਪਿਤਾ ਦੀ ਸਹੁੰ ਦੇ ਨਾਂ ’ਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਨੂੰ ਵੇਚੇ ਗਏ ਪੂਰਨ ਕਰਜ਼ਾ ਮੁਆਫੀ ਦੇ ‘ਜੁਮਲੇ’ ਕਰ ਕੇ ਆਤਮ ਹੱਤਿਆ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਰਿਸੰਘ ਨੇ ਇਸ ਐਲਾਨ ਨਾਲ ਰਾਜਨੀਤੀ ਨੂੰ ਇਕ ਨਵੇਂ ਨਿਵਾਣ ਵੱਲ ਧੱਕਿਆ ਹੈ। ਮਜੀਠੀਆ ਕਿਹਾ ਕਿ ਇਹ ਹੋਰ ਵੀ ਕੁੜਤਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਬੜੇ ਚਾਅ ਨਾਲ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਿਸ਼ੋਰ ਨਾਲ ਰਲ ਕੇ ਕੰਮ ਕਰਨ ਵੱਲ ਵੇਖਦੇ ਹਨ।
ਮਜੀਠੀਆ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਕਿਹੜੇ ਭਲੇ ਦੀ ਗੱਲ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਅਨੁਸੂਚਿਤ ਜਾਤੀ ਵਰਗ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਘਰਾਂ 'ਚ ਗਏ ਹਨ ਜਿਨ੍ਹਾਂ ਨੂੰ ਕਿਸ਼ੋਰ ਦੀ ਮਦਦ ਨਾਲ ਉਨ੍ਹਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਦੀ ਰਾਸ਼ੀ ਤੇ ਆਟਾ ਦਾਲ ਸਕੀਮ ਦਾ ਦਾਇਰਾ ਵਧਾਉਣ ਵਰਗੇ ਵਾਅਦੇ ਕਰ ਕੇ ਮੂਰਖ ਬਣਾਇਆ ਸੀ।
ਮਜੀਠੀਆ ਨੇ ਕਿਹਾ ਕਿ ਕੀ ਤੁਸੀਂ ਤੇ ਤੁਹਾਡਾ ਨਵਾਂ ਪ੍ਰਮੁੱਖ ਸਲਾਹਕਾਰ ਉਨ੍ਹਾਂ ਨੌਜਵਾਨਾਂ ਦੇ ਘਰਾਂ 'ਚ ਜਾਣ ਦੀ ਜੁਰੱਅਤ ਵਿਖਾਓਗੇ ਜਿਨ੍ਹਾਂ ਨੂੰ ਤੁਸੀਂ ਘਰ ਘਰ ਨੌਕਰੀ ਤੇ ਬੇਰੋਜ਼ਾਗਰੀ ਭੱਤੇ ਦਾ ਵਾਅਦਾ ਕੀਤਾ ਸੀ ? ਉਨ੍ਹਾਂ ਕਿਹਾ ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਤੁਸੀਂ ਇਨ੍ਹਾਂ ਲੋਕਾਂ ਨੂੰ ਨਰਕ 'ਚੋਂ ਲੰਘਣ ਲਈ ਮਜਬੂਰ ਕਰ ਕੇ ਆਪ ਆਪਣੇ ਫਾਰਮ ਹਾਊਸ 'ਚ ਬੈਠ ਕੇ ਹੋਰ ਨਵੇਂ ਵਾਅਦਿਆਂ ਵਾਲੀਆਂ ਸਕੀਮਾਂ ਘੜਨ ਲੱਗੇ ਹੋ ਜੋ ਤੁਸੀਂ ਕਦੇ ਲਾਗੂ ਨਹੀਂ ਕਰਨੀਆਂ।