ਬਰਨਾਲਾ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਚਾਨਕ ਬੱਸ ਸਟੈਂਡ ਬਰਨਾਲਾ ਦਾ ਦੌਰਾ ਕੀਤਾ। ਬਰਨਾਲਾ ਬੱਸ ਸਟੈਂਡ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਇੱਕ ਕਰੋੜ ਦਾ ਟੈਂਡਰ ਲਗਵਾਇਆ ਅਤੇ ਡੇੜ ਕਰੋੜ ਆਪਣੇ ਵਲੋਂ ਦੇਣ ਦਾ ਐਲਾਣ ਕੀਤਾ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਬੱਸ ਸਟੈਂਡ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਇਸ ਵਿੱਚ ਬਹੁਤ ਹੀ ਜ਼ਿਆਦਾ ਕਮੀਆਂ ਹਨ। ਇਨ੍ਹਾਂ ਕਮੀਆਂ ਨੂੰ ਉਨ੍ਹਾਂ ਵੱਲੋਂ ਬਹੁਤ ਹੀ ਜਲਦੀ ਦੂਰ ਕਰਵਾਇਆ ਜਾਵੇਗਾ। 


 


ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਹੈ, ਉਸ ਦੀ ਰੋਕਥਾਮ ਲਗਾਤਾਰ ਜਾਰੀ ਹੈ, ਕਿਉਂਕਿ ਉਨ੍ਹਾਂ ਨੇ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਅਤੇ ਪਨਬਸ 53 ਲੱਖ ਲੱਖ ਰੁਪਏ ਦਾ ਰੋਜ਼ਾਨਾ ਮੁਨਾਫ਼ਾ ਹੋ ਰਿਹਾ ਹੈ। ਪਰ ਪਿਛਲੇ 15 ਸਾਲਾਂ ਵਿੱਚ 2700 ਕਰੋੜ ਰੁਪਏ ਦਾ ਸਰਕਾਰੀ ਬੱਸਾਂ ਦਾ ਮੁਨਾਫ਼ਾ ਖਰਾਬ ਕੀਤਾ ਜਾਂਦਾ ਰਿਹਾ ਹੈ, ਜੋ ਟਰਾਂਸਪੋਰਟ ਮਾਫ਼ੀਆ ਦੀ ਜੇਬ ਵਿੱਚ ਚਲਾ ਗਿਆ। ਇਹ ਜੇਬ ਕਿਸੇ ਹੋਰ ਦੀ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਹੈ। 


 


ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਵਿੱਚ ਬਾਦਲ ਪਰਿਵਾਰ ਦੀਆਂ ਬਸਾਂ ਅਲੱਗ-ਅਲੱਗ ਨਾਂ 'ਤੇ ਚਲ ਰਹੀਆਂ ਹਨ, ਉਸਦਾ ਵੀ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸਮਝਦਾਰ ਚੀਫ਼ ਮਨਿਸਟਰ ਸਨ, ਜੇਕਰ ਉਹ ਕਿਸੇ ਵਾਰੇ ਗੱਲ ਕਰਨਗੇ ਤਾਂ ਉਂਗਲੀਆਂ ਉਨ੍ਹਾਂ ਵੱਲ ਵੀ ਉੁਠਣਗੀਆਂ। ਅਰੁਸਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਨਿੱਜੀ ਜਿੰਦਗੀ ਹੈ, ਪਰ ਜਦੋਂ ਅਸੀਂ ਕਿਸੀ ਵਿਅਕਤੀ ਬਾਰੇ ਵਿਸੇਸ਼ ਗੱਲ ਕਰਦੇ ਹਾਂ ਅਤੇ ਕਹਾਂਗੇ ਕਿ ਉਕਤ ਵਿਅਕਤੀ ਪਾਕਿਸਤਾਨ ਨਾਲ ਮਿਲਿਆ ਹੋਇਆ ਹੈ ਜਾਂ ਫ਼ਿਰ ਨੈਸ਼ਨਲ ਸਿਕਊਰਟੀ 'ਤੇ ਗੱਲ ਕਰਾਂਗੇ ਤਾਂ ਲੋਕ ਉਸਦਾ ਜਵਾਬ ਦੇਣਗੇ। 


 


ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ ਪਾਕਿਸਤਾਨ ਗਏ ਸਨ, ਪਰ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਤੋਂ ਇੱਕ ਮਹਿਮਾਨ ਭਾਰਤ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 800-900 ਕਰਮਚਾਰੀਆਂ ਦੀ ਨਵੀਂ ਭਰਤੀ ਕਰ ਰਹੀ ਹੈ ਅਤੇ ਇਹ ਭਰਤੀ ਪੱਕੇ ਤੌਰ 'ਤੇ ਕੀਤੀ ਜਾਵੇਗੀ। 


ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਨਾਲ ਵੀਡੀਓ ਕਾਲ 'ਤੇ ਇੰਨਸਾਫ਼ ਦੀ ਮੰਗ ਕਰਨ ਵਾਲੇ ਕੁਲਦੀਪ ਸਿੰਘ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਉਸ 'ਤੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਜਿਸ 'ਚ ਉਸਦਾ ਕੋਈ ਕਸੂਰ ਨਹੀਂ ਹੈ। ਇਨਸਾਫ਼ ਦੀ ਮੰਗ ਕਰਦਿਆਂ ਉਸਨੇ ਸਾਰੀ ਘਟਨਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਸੁਣਾਈ। ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਇੰਨਸਾਫ ਜ਼ਰੂਰ ਦਿਵਾਇਆ ਜਾਵੇਗਾ।