ਨਵੀਂ ਦਿੱਲੀ: ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਬਣਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਕ ਪੂਰੇ ਦੇਸ਼, ਖਾਸ ਤੌਰ ’ਤੇ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਖੇਤੀਬਾੜੀ ’ਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਵਿਖੇ ਪੂਰੀ ਤਰਾਂ ਕਾਰਜਸ਼ੀਲ “ਏ’’ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਹੈ ਜੋ ਇਸ ਜਗਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ। ਇਸ ਦੇ ਨਾਲ ਹੀ 134 ਏਕੜ ਵਿੱਚ ਮੌਜੂਦ ਪਾਣੀ ਦੇ ਵੱਖ ਵੱਖ ਸੋਮੇ ਅਤੇ ਝੀਲਾਂ ਇਸ ਫਾਰਮਾ ਪਾਰਕ ਨੂੰ ਸਥਾਪਤ ਕਰਨ, ਇਸ ਦੀ ਸਾਂਭ-ਸੰਭਾਲ ਅਤੇ ਸੰਚਾਲਨ ਲਈ ਲਾਹੇਵੰਦ ਹੋਣਗੇ।
ਨਾਲ ਹੀ ਉਨ੍ਹਾਂ ਦੱਸਿਆ ਕਿ ਫਾਰਮਾ ਉਦਯੋਗ ਨੂੰ ਯੂਐਸਐਫਡੀਏ ਤੋਂ ਮਨਜ਼ੂਰਸ਼ੁਦਾ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ, ਜਿਵੇਂ ਸਨ ਫਾਰਮਾ, ਸੇਂਟਿ੍ਰਐਂਟ ਅਤੇ ਆਈਓਐਲ ਕੈਮੀਕਲਜ਼ ਤੋਂ ਵੀ ਸਹਾਇਤਾ ਪ੍ਰਾਪਤ ਹੋਏਗੀ। ਬਠਿੰਡਾ ’ਚ ਇਸ ਪਾਰਕ ਨੂੰ ਸਥਾਪਤ ਕਰਨ ਨਾਲ ਆਰ ਐਂਡ ਡੀ ਈਕੋਸਿਸਟਮ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਅਤੇ ਨੈਨੋ ਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਤੋਂ ਇਲਾਵਾ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼, ਬਠਿੰਡਾ) ਅਤੇ ਮਾਈਕਰੋਬਾਇਲ ਟੈਕਨਾਲੋਜੀ ਸੰਸਥਾਨ, ਬਠਿੰਡਾ ਦਾ ਵੀ ਲਾਭ ਮਿਲੇਗਾ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 666 ਲੋਕਾਂ ਦੀ ਮੌਤ, ਸਿਰਫ ਕੇਰਲ ਤੋਂ 563 ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/