ਮਨਵੀਰ ਕੌਰ ਰੰਧਾਵਾ


ਬ੍ਰੇਕਿੰਗ: ਅਦਾਲਤ ਨੇ ਇਸ ਕੇਸ ਵਿੱਚ ਸਾਬਕਾ ਡੀਆਈਜੀ ਕੁਲਤਾਰ ਸਿੰਘ ਨੂੰ ਅੱਠ ਸਾਲ, ਡੀਐਸਪੀ ਹਰਦੇਵ ਸਿੰਘ ਨੂੰ ਚਾਰ ਸਾਲ, ਮਹਿੰਦਰ ਸਿੰਘ ਨੂੰ ਅੱਠ ਸਾਲ, ਸਬਰੀਨ ਕੌਰ ਨੂੰ 8 ਸਾਲ, ਪਰਵਿੰਦਰ ਕੌਰ ਨੂੰ 8 ਸਾਲ ਤੇ ਪਰਮਿੰਦਰ ਸਿੰਘ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ।

ਅੰਮ੍ਰਿਤਸਰ/ ਚੰਡੀਗੜ੍ਹ: ਪੰਜਾਬ ਪੁਲਿਸ ਅਕਸਰ ਹੀ ਕਿਸੇ ਨਾ ਕਿਸੇ ਘਟਨਾ ਜਾਂ ਬਿਆਨ ਨਾਲ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਨਾਲ ਸਬੰਧਤ ਇੱਕ ਅਜਿਹੀ ਕਹਾਣੀ ਦੱਸਣ ਵਾਲੇ ਹਾਂ ਜਿਸ ਨੂੰ ਪੜ੍ਹ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇਹ ਮਾਮਲਾ ਸਾਲ 2004 ਦਾ ਹੈ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਕਰਕੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ। ਅਸਲ 'ਚ ਅੰਮ੍ਰਿਤਸਰ ਦੇ ਮੋਨੀ ਚੌਕ ਇਲਾਕੇ 'ਚ ਹਰਦੀਪ ਸਿੰਘ ਦੇ ਪਰਿਵਾਰ ਨੇ ਐਸਐਸਪੀ ਕੁਲਤਾਰ ਸਿੰਘ ਤੋਂ ਦੁਖੀ ਹੋ ਖੁਦ ਦੀ ਜ਼ਿੰਦਗੀ ਹੀ ਖ਼ਤਮ ਕਰ ਲਈ ਸੀ।

ਅਸਲ 'ਚ ਇਹ ਮਾਮਲਾ ਇੱਕ ਹੋਰ ਪਰਿਵਾਰ ਨਾਲ ਆਪਸੀ ਲੜਾਈ ਦਾ ਹੈ। ਦੱਸ ਦਈਏ ਕਿ ਇੱਕ ਵੱਡੇ ਵਪਾਰੀ ਹਰਦੀਪ ਸਿੰਘ ਕੋਲੋਂ ਪਰਿਵਾਰਕ ਝਗੜੇ ਦੌਰਾਨ ਗਲਤੀ ਨਾਲ ਆਪਣੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਓ ਦੀ ਲਾਸ਼ ਨੂੰ ਸੁੱਟ ਦਿੱਤਾ ਤੇ ਉਸ ਨੂੰ ਅਜਿਹਾ ਕਰਦਿਆਂ ਕੁਝ ਰਿਸ਼ਤੇਦਾਰਾਂ ਨੇ ਵੇਖ ਲਿਆ। ਪ੍ਰੱਤਖਦਰਸ਼ੀਆਂ ਨੇ ਇਸ ਦੀ ਸ਼ਿਕਾਈਤ ਪੁਲਿਸ ਨੂੰ ਦੇ ਦਿੱਤੀ। ਇਸ ਦੌਰਾਨ ਅੰਮ੍ਰਿਤਸਰ ਪੁਲਿਸ 'ਚ ਤਾਇਨਾਤ ਐਸਐਸਪੀ ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੇ ਪਰਿਵਾਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ। ਸਿਰਫ ਇੰਨਾ ਹੀ ਨਹੀਂ ਉਸ ਨੇ ਬਾਅਦ 'ਚ ਫੇਰ ਉਨ੍ਹਾਂ ਤੋਂ ਸੱਤ ਲੱਖ ਰੁਪਏ ਮੰਗੇ।

ਪੁਲਿਸ ਦੀ ਇਹ ਕਰਤੂਤ ਇੱਥੇ ਹੀ ਨਹੀਂ ਖ਼ਤਮ ਹੁੰਦੀ। ਇਸ ਤੋਂ ਬਾਅਦ ਉਸ ਨੇ ਹਰਦੀਪ ਦੀ ਪਤਨੀ ਨਾਲ ਵੀ ਸਰੀਰਕ ਸਬੰਧ ਬਣਾਏ ਤੇ ਉਸ ਨਾਲ ਦੋ ਦਿਨ ਤਕ ਬਲਾਤਕਾਰ ਕੀਤਾ। ਹਰਦੀਪ ਤੇ ਉਸ ਦੀ ਪਤਨੀ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਹਰਦੀਪ ਤੇ ਉਸ ਦੇ ਪੂਰੇ ਪਰਿਵਾਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ।



ਇੰਨਾ ਸਭ ਹੋਣ ਤੋਂ ਬਾਅਦ ਹਰਦੀਪ ਦੀ ਪਤਨੀ ਆਪਣੇ ਘਰ ਬਗੈਰ ਕਿਸੇ ਨੂੰ ਦੱਸੇ ਐਸਐਸਪੀ ਕੁਲਤਾਰ ਸਿੰਘ ਕੋਲ ਪਹੁੰਚੀ ਤਾਂ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕੀਤੀ। ਇਸ ਬਾਰੇ ਹਰਦੀਪ ਦੀ ਪਤਨੀ ਨੇ ਘਰਵਾਲਿਆਂ ਨੂੰ ਦੱਸਿਆ ਤਾਂ ਹਰਦੀਪ ਨੇ ਹਿਮੰਤ ਹਾਰ ਖੁਦਕੁਸ਼ੀ ਜਿਹਾ ਖ਼ੌਫਨਾਕ ਕਦਮ ਚੁੱਕ ਲਿਆ। ਇਸ 'ਚ ਉਸ ਨੇ ਆਪਣੀ ਮਾਂ, ਪਤਨੀ ਤੇ ਦੋਵੇਂ ਬੇਟਿਆਂ ਨੂੰ ਜ਼ਹਿਰ ਦੇ ਮਾਰ ਦਿੱਤਾ ਤੇ ਬਾਅਦ 'ਚ ਕੰਧਾਂ 'ਤੇ ਆਪ ਬੀਤੀ ਲਿਖ ਮੌਤ ਨੂੰ ਗਲੇ ਲਾ ਲਿਆ।

ਹਰਦੀਪ ਵੱਲੋਂ ਲਿਖੀ ਹੱਡਬੀਤੀ ਦੀ ਦਾਸਤਾਂ ਦੀ ਵੀਡੀਓ ਰਿਕਾਰਡਿੰਗ ਵੀ ਹੈ। ਪੁਲਿਸ ਦੀ ਬਰਬਰਤਾ ਇੱਥੇ ਹੀ ਨਹੀਂ ਮੁੱਕਦੀ। ਹਰਦੀਪ ਨੇ ਕੰਧ 'ਤੇ ਆਪਣੇ ਪੈਸਿਆਂ ਦਾ ਸਾਰਾ ਹਿਸਾਬ ਲਿਖਿਆ ਹੋਇਆ ਸੀ ਜਿਸ ਵਿੱਚੋਂ ਐਸਐਸਪੀ ਕੁਲਤਾਰ ਸਿੰਘ ਦਾ ਨਾਂ ਹਟਾ ਵੱਖਰੇ ਪੈਨ ਨਾਲ ਕੁਝ ਹੋਰ ਲਿਖ ਦਿੱਤਾ ਗਿਆ। ਇਸ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਸਬੂਤਾਂ ਨਾਲ ਛੇੜਛਾੜ ਹੋਈ ਹੈ।

ਇਸ ਤੋਂ ਬਾਅਦ ਕੁਲਤਾਰ ਸਿੰਘ ਡੀਆਈਜੀ ਬਣਕੇ ਰਿਟਾਇਰ ਹੋਇਆ ਪਰ ਹਰਦੀਪ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਸ਼ਿਕਾਇਤਕਰਤਾ ਸਰਬਜੀਤ ਸਿੰਘ ਵੇਰਕਾ ਨੇ 16 ਸਾਲ ਇਸ ਲਈ ਇਨਸਾਫ ਦੀ ਲੜਾਈ ਲੜੀ ਤੇ ਇਸ ਮਾਮਲੇ '18 ਵਾਰ ਐਸਐਸਪੀ ਤੇ ਉਸ ਦੇ ਸਾਥੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ। ਹੁਣ ਉਨ੍ਹਾਂ ਨੂੰ ਸਜ਼ਾ ਮਿਲ ਸਕੀ। ਡੀਆਈਜੀ ਕੁਲਤਾਰ ਸਿੰਘ ਨੂੰ ਅੱਠ ਸਾਲ ਦੀ ਕੈਦ ਹੋਈ ਹੈ। ਇਸ ਕੇਸ 'ਚ ਜਾਂਚ ਅਧਿਕਾਰੀ ਜੋ ਇਸ ਜ਼ੁਰਮ ਸਮੇਂ ਐਸਐਚਓ ਸੀ, ਨੂੰ ਵੀ ਸਜ਼ਾ ਸੁਣਾਈ ਗਈ ਹੈ।

ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਇੱਕ ਚੰਗਾ ਇਨਸਾਨ ਸੀ ਜਿਸ ਨੂੰ ਇਨਸਾਫ ਮਿਲਣਾ ਹੀ ਚਾਹੀਦਾ ਸੀ ਤੇ ਉਸ ਦੇ ਦੋਸ਼ੀਆਂ ਨੂੰ ਅਦਾਲਤ ਨੇ ਸਹੀ ਸਜ਼ਾ ਦਿੱਤੀ ਹੈ।