ਮਹਿਤਾਬ-ਉਦ-ਦੀਨ
ਚੰਡੀਗੜ੍ਹ: ਮੁੰਬਈ ਦੀਆਂ ਤਿੰਨ ਔਰਤਾਂ ਹੁਣ ਇਸ ਮਹਾਂਨਗਰ ਦੀਆਂ ਝੁੱਗੀਆਂ-ਝੌਂਪੜੀਆਂ ’ਚ ਜਾ ਕੇ 18 ਤੋਂ 44 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਕੋਰੋਨਾਵੈਕਸੀਨ ਦੀ ਡੋਜ਼ ਲਾ ਰਹੀਆਂ ਹਨ। ਉਹ ਸੱਚਮੁਚ ਦੇਸ਼ ਤੇ ਦੁਨੀਆ ਵਿੱਚ ਬਹੁਤਿਆਂ ਲਈ ਪ੍ਰੇਰਨਾ ਸ੍ਰੋਤ ਹੋ ਸਕਦੀਆਂ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਇਸ ਖ਼ਤਰਨਾਕ ਸਮੇਂ ਦੌਰਾਨ ਘਰ-ਘਰ ਜਾ ਕੇ ਟੀਕਾਕਰਨ ਕਰਨਾ ਆਪਣੇ-ਆਪ ਵਿੱਚ ਹੀ ਵੱਡਾ ਸਮਾਜਕ ਕਾਰਜ ਹੈ; ਜਿਸ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ।


ਤਿੰਨ ਬਹਾਦਰ ਮਹਿਲਾਵਾਂ ਸਮ੍ਰਿਧੀ ਚੁਟਾਨੀ, ਰਸ਼ਮੀ ਬਲਵਾਨੀ ਤੇ ਸ਼ਿਵਾਨੀ ਉਪਾਧਿਆਏ ਬਾਰੇ ‘ਮਿਡ ਡੇਅ’ ਨੇ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਤਿੰਨੇ ‘ਐਨਰਿਚ ਲਾਈਵਜ਼ ਫ਼ਾਊਂਡੇਸ਼ਨ’ ਨਾਂ ਦੀ ਇੱਕ ਗ਼ੈਰ ਸਰਕਾਰੀ ਸੰਗਠਨ (NGO) ਨਾਲ ਜੁੜੀਆਂ ਹੋਈਆਂ ਹਨ।

 

ਗੋਵੰਡੀ ਦੀਆਂ ਝੁੱਗੀਆਂ ਵਿੱਚ ਜਾ ਕੇ ਉਹ 150 ਵਿਅਕਤੀਆਂ ਦਾ ਟੀਕਾਕਰਨ ਪਹਿਲਾਂ ਹੀ ਕਰ ਚੁੱਕੀਆਂ ਹਨ। ਇਸ ਹਫ਼ਤੇ ਉਨ੍ਹਾਂ ਦਾ ਟੀਚਾ ਸ਼ਿਵਾਜੀ ਨਗਰ ਦੀਆਂ ਝੁੱਗੀਆਂ ਵਿੱਚ ਜਾ ਕੇ 1,200 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਲਾਉਣ ਦਾ ਹੈ। ਉਨ੍ਹਾਂ ਨੇ ਮੁੰਬਈ ਦੇ ਝੁੱਗੀਆਂ-ਝੋਂਪੜੀਆਂ ਵਾਲੇ 13 ਵੱਡੇ ਇਲਾਕੇ ਕਵਰ ਕਰਨੇ ਹਨ।

 

ਇਨ੍ਹਾਂ ਤਿੰਨੇ ਵੈਕਸੀਨ ਮਹਿਲਾਵਾਂ ਦੀ NGO ਨੂੰ ਡਾ. ਪ੍ਰਿੰਸ ਸੁਰਾਨਾ ਦੀ ਅਗਵਾਈ ਹੇਠਲਾ ‘ਸੁਰਾਨਾ ਗਰੁੱਪ ਆਫ਼ ਹਾਸਪਿਟਲਜ਼’ ਬਹੁਤ ਹੀ ਰਿਆਇਤੀ ਦਰਾਂ ਉੱਤੇ ਵੈਕਸੀਨਾਂ ਮੁਹੱਈਆ ਕਰਵਾ ਰਿਹਾ ਹੈ। ਹੁਣ ਇਹ ਸਾਰੇ ਮਿਲ ਕੇ ਮੁੰਬਈ ਦੇ ਇਕੱਲੇ-ਇਕੱਲੇ ਵਿਅਕਤੀ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ।

 

ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਤੇ ਇਸ ਦੀ ਰਾਜਧਾਨੀ ਮੁੰਬਈ ਪੂਰੇ ਦੇਸ਼ ਵਿੱਚ ਅੱਗੇ ਰਹੇ ਹਨ। ਇੱਥੋਂ ਦੀ ਬਹੁਤ ਜ਼ਿਆਦਾ ਆਬਾਦੀ, ਝੁੱਗੀਆਂ-ਝੌਂਪੜੀਆਂ ਵਿੱਚ ਕੋਵਿਡ-19 ਪ੍ਰੋਟੋਕੋਲ ਦਾ ਬਹੁਤਾ ਧਿਆਨ ਨਾ ਰੱਖਿਆ ਜਾਣਾ ਤੇ ਵਿਦੇਸ਼ੀਆਂ ਦੀ ਲਗਾਤਾਰ ਵੱਡੀ ਆਮਦ ਜਿਹੇ ਕੁਝ ਵੱਡੇ ਕਾਰਨਾਂ ਕਰ ਕੇ ਭਾਰਤ ਦੀ ਇਸ ਵਣਜ ਨਗਰੀ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ।

 
ਇਨ੍ਹਾਂ ਤਿੰਨੇ ਮਹਿਲਾਵਾਂ ਨੇ ਦੱਸਿਆ ਕਿ ਬਹੁਤੇ ਲੋਕ ਇਹ ਵੈਕਸੀਨ ਲਵਾਉਣ ਤੋਂ ਟਾਲ਼ਾ ਹੀ ਵੱਟ ਰਹ ਹਨ। ਦਰਅਸਲ, ਵੈਕਸੀਨ ਨੂੰ ਲੈ ਕੇ ਕੁਪ੍ਰਚਾਰ ਬਹੁਤ ਫੈਲਿਆ ਹੈ। ਉਂਝ ਵੀ ਪ੍ਰਾਈਵੇਟ ਹਸਪਤਾਲ ਤੇ ਕਲੀਨਿਕ ਬਹੁਤ ਮਹਿੰਗੇ ਭਾਅ ਇਹ ਵੈਕਸੀਨ ਲਾ ਰਹੇ ਹਨ। ਇਸੇ ਲਈ ਉਨ੍ਹਾਂ ਦੀ NGO ਨੇ ਟੀਕਾਕਰਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਸੀ। ਇਸ ਲਈ ਇੱਕ ਹੋਰ ਐੱਨਜੀਓ ‘ਸਵਿੱਚ ਇੰਡੀਆ’ ਦੀ ਮਦਦ ਲਈ ਗਈ ਸੀ।

 

ਇਹ ਤਿੰਨੇ ਔਰਤਾਂ ਲੋੜਵੰਦਾਂ ਨੂੰ ਟੀਕਾਕਰਨ ਦੇ ਨਾਲ-ਨਾਲ ਰਾਹਤ ਤੇ ਰਸਦ ਸਮੱਗਰੀ ਵੀ ਮੁਹੱਈਆ ਕਰਵਾ ਰਹੀਆਂ ਹਨ। ਉਹ ਦਿਹਾੜੀਦਾਰ ਮਜ਼ਦੂਰਾਂ, ਪਲੰਬਰਾਂ, ਇਲੈਕਟ੍ਰੀਸ਼ੀਅਨਾਂ ਤੇ ਘਰਾਂ ਵਿੱਚ ਜਾ ਕੇ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਵੈਕਸੀਨ ਪਹਿਲਾਂ ਲਵਾਉਣ ਦੀ ਸਲਾਹ ਦੇ ਰਹੀਆਂ ਹਨ।