ਨਵੀਂ ਦਿੱਲੀ: ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ "ਦਮਨ ਵਿਰੋਧੀ ਦਿਵਸ" ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਸਾਰੇ ਭਾਰਤ ਵਿੱਚ ਸੈਂਕੜੇ ਸਥਾਨਾਂ 'ਤੇ ਦਮਨ ਵਿਰੋਧੀ ਦਿਵਸ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਭੇਜਿਆ। ਇੱਥੋਂ ਤੱਕ ਕਿ ਹੋਰ ਕਈ ਸਬੰਧਤ ਸੰਗਠਨਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣ ਲਈ ਜ਼ਿਲ੍ਹਾ ਪੱਧਰੀ ਵਿਰੋਧ ਪ੍ਰਦਰਸ਼ਨ ਕੀਤੇ। ਰਾਸ਼ਟਰਪਤੀ ਨੂੰ ਮੰਗ ਪੱਤਰ ਰਾਹੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਸਮਰਥਕਾਂ ‘ਤੇ ਜਬਰ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ।
ਸੰਯੁਕਤ ਕਿਸਾਨ ਮੋਰਚਾ ਨੇ "ਟੂਲਕਿਟ ਕੇਸ" ਵਿੱਚ ਦਿਸ਼ਾ ਰਵੀ ਦੀ ਜ਼ਮਾਨਤ 'ਤੇ ਰਿਹਾਈ ਦਾ ਸਵਾਗਤ ਕੀਤਾ ਤੇ ਜੱਜ ਧਰਮਿੰਦਰ ਰਾਣਾ ਵੱਲੋਂ ਆਪਣੇ ਆਦੇਸ਼ਾਂ ਵਿੱਚ ਕੀਤੀਆਂ ਕਈ ਟਿੱਪਣੀਆਂ ਦਾ ਸਵਾਗਤ ਕੀਤਾ। ਐਸਕੇਐਮ ਨੇ ਇਸ ਕੇਸ ਵਿੱਚ ਦਿੱਲੀ ਪੁਲਿਸ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਿਸ ਨੇ ਕਈ ਮਾਪਦੰਡਾਂ ਦੀ ਉਲੰਘਣਾ ਕੀਤੀ ਤੇ ਦਿਸ਼ਾ ਰਵੀ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਢੰਗ ਨਾਲ ਗ੍ਰਿਫਤਾਰ ਕੀਤਾ।
ਐਸਕੇਐਮ ਨੇ ਸੀਪੀਆਈ ਐਮਐਲ ਦਿੱਲੀ ਦੇ ਸੂਬਾ ਸਕੱਤਰ ਰਵੀ ਰਾਏ ਖ਼ਿਲਾਫ਼ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀਆਂ ਡਰਾਉਣੀਆਂ ਚਾਲਾਂ ਦੀ ਵੀ ਨਿਖੇਧੀ ਕੀਤੀ। ਐਸਕੇਐਮ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਟਰਾਲੀ ਟਾਈਮਜ਼ ਦੀ ਨਵਕਿਰਨ ਨੱਤ ਦਾ ਪਿੱਛਾ ਕਰਕੇ ਫਿਰ ਕਾਨੂੰਨੀ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਐਸਕੇਐਮ ਨੇ ਰੇਲ ਰੋਕੋ ਵਿਰੋਧ ਪ੍ਰਦਰਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸੀਤਾਮੜੀ ਵਿੱਚ ਬਿਹਾਰ ਪੁਲਿਸ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ ਤੇ ਅਜਿਹੇ ਸਾਰੇ ਮਾਮਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।