ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ਅਤੇ ਲੌਕਡਾਊਨ ਦੀ ਸਥਿਤੀ ਲਈ ਸੋਮਵਾਰ ਨੂੰ ਸਿਹਤ ਸੰਭਾਲ ਅਤੇ ਗ੍ਰਹਿ ਮੰਤਰਾਲੇ ਦੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਪੀੜਤ 2546 ਵਿਅਕਤੀ ਠੀਕ ਹੋ ਗਏ ਹਨ। ਕੱਲ੍ਹ ਤੋਂ ਹੁਣ ਤੱਕ 1553 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਦੇਸ਼ ਦੇ ਕੁੱਲ ਕੇਸਾਂ ਨੂੰ 17265 ਤੱਕ ਲੈ ਕੇ ਗਏ ਹਨ। ਪਿਛਲੇ 24 ਘੰਟਿਆਂ ‘ਚ 36 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਦੇਸ਼ ਵਿੱਚ ਹੁਣ ਕੋਰੋਨਾ ਦੇ ਮਾਮਲੇ 7.5 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ, ਪਹਿਲਾਂ ਕੋਰੋਨਾ ਮਾਮਲੇ 3.5 ਦਿਨਾਂ ਵਿੱਚ ਦੁਗਣੇ ਹੋ ਰਹੇ ਸੀ। 59 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ‘ਚ ਇੱਕ ਵੀ ਕੋਰੋਨਾ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਿਛਲੇ 28 ਦਿਨਾਂ ‘ਚ ਪੁਡੂਚੇਰੀ ਦੇ ਮਹੇ, ਕਰਨਾਟਕ ਦੇ ਕੋਡਾਗੂ ਅਤੇ ਉਤਰਾਖੰਡ ‘ਚ ਪਉੜੀ ਗੜ੍ਹਵਾਲ ‘ਚ ਕੋਵਿਡ-19 ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।



ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਪੁਨੀਅਮ ਸਲੀਲਾ ਸ੍ਰੀਵਾਸਤੁਵਾ ਨੇ ਕਿਹਾ ਕਿ ਲੌਕਡਾਊਨ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਲੌਕਡਾਊਨ ਦੀ ਉਲੰਘਣਾ ‘ਤੇ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਸੂਬਾ ਸਰਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਜਿੱਥੇ ਲੌਕਡਾਊਨ ਦੀ ਉਲੰਘਣਾ ਕੀਤੀ ਜਾਂਦੀ ਹੈ। ਕੇਰਲ ਨੇ ਕੁਝ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਹੈ ਜੋ ਆਪਦਾ ਪ੍ਰਬੰਧਨ ਐਕਟ ਤਹਿਤ ਜਾਰੀ ਕੀਤੇ ਗਏ ਮੰਤਰਾਲੇ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਕੁਝ ਹੌਟਸਪੌਟਸ ‘ਚ ਕੋਰੋਨਾ ਦੀ ਸਥਿਤੀ ਵਿਗੜ ਰਹੀ ਹੈ ਜਾਂ ਵਿਗੜਦੀ ਜਾ ਰਹੀ ਹੈ। ਆਪਦਾ ਪ੍ਰਬੰਧਨ ਐਕਟ 2005 ਦੇ ਤਹਿਤ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਪ੍ਰਭਾਵੀ ਥਾਂਵਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ 6 ਅੰਤਰ-ਮੰਤਰਾਲੇ ਦੀਆਂ ਕੇਂਦਰੀ ਟੀਮਾਂ ਦਾ ਗਠਨ ਕੀਤਾ ਹੈ।