ਰਮਨਦੀਪ ਕੌਰ ਦੀ ਰਿਪੋਰਟ

ਚੰਡੀਗਰ੍ਹ: ਦੁਨੀਆਂ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਵੇਲੇ ਸਭ ਤੋਂ ਵੱਧ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ। ਅਮਰੀਕਾ 'ਚ ਹੁਣ ਤਕ 7,36,836 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਾਅਦ 40,555 ਮਰੀਜ਼ ਅਮਰੀਕਾ 'ਚ ਹੁਣ ਤਕ ਆਪਣੀ ਜਾਨ ਗਵਾ ਚੁੱਕੇ ਹਨ।

ਪੂਰੀ ਦੁਨੀਆਂ 'ਚ ਦਸੰਬਰ ਤੋਂ ਲੈ ਕੇ ਹੁਣ ਤਕ ਹੋਏ ਕੋਰੋਨਾ ਵਾਇਰਸ ਦੇ ਫੈਲਣ ਦੀ ਗੱਲ ਕਰੀਏ ਤਾਂ ਚੀਨ ਦਾ ਵੁਹਾਨ ਸ਼ਹਿਰ ਜਿੱਥੇ ਦਸੰਬਰ 'ਚ ਇਸ ਦੀ ਸ਼ੁਰੂਆਤ ਹੋਈ ਸੀ, ਉੱਥੇ ਹੁਣ ਇਹ ਕਾਬੂ 'ਚ ਆ ਚੁੱਕਾ ਹੈ ਪਰ ਇਸ ਦੇ 12 ਹਜ਼ਾਰ ਕਿਲੋਮੀਟਰ ਦੂਰ ਸਥਿਤ ਅਮਰੀਕਾ ਦੇ ਨਿਊਯਾਰਕ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਜਾ ਰਿਹਾ ਹੈ। ਇਸ ਸਭ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਮਰੀਕਾ 'ਚ ਅਜਿਹੇ ਹਾਲਾਤ ਬਣੇ।

ਚੀਨ ਦੇ ਵੁਹਾਨ 'ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 19 ਜਨਵਰੀ ਨੂੰ ਅਮਰੀਕਾ ਦੇ ਵਾਸ਼ਿੰਗਟਨ 'ਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ 'ਚ ਲਗਾਤਾਰ ਮਾਮਲੇ ਸਾਹਮਣੇ ਆਉਣ ਲੱਗੇ ਸਨ। ਇਸ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਦਾ ਇਸ ਵੱਲ ਦੇਰੀ ਨਾਲ ਧਿਆਨ ਗਿਆ।

22 ਮਾਰਚ ਨੂੰ ਰਾਸ਼ਟਰਪਤੀ ਟਰੰਪ ਨੇ ਮੇਜਰ ਡਿਸਾਸਟਰ ਐਲਾਨਿਆ ਸੀ ਤੇ ਗਵਰਨਰ ਨੇ ਘਰ ਤੋਂ ਬਾਹਰ ਨਾ ਨਿੱਕਲਣ ਦੀ ਹਦਾਇਤ ਦਿੱਤੀ ਸੀ। ਇਸ ਪਾਬੰਦੀ ਨੂੰ ਅਮਰੀਕਾ 'ਚ ਚਾਰ ਮਈ ਤਕ ਵਧਾ ਦਿੱਤਾ ਗਿਆ।

ਜਿਸ ਸਮੇਂ ਚੀਨ ਨੇ ਬਾਹਰੋਂ ਆਉਣ 'ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ, ਉਦੋਂ ਤਕ ਚਾਰ ਲੱਖ ਤੋਂ ਜ਼ਿਆਦਾ ਲੋਕ ਚੀਨ ਤੋਂ ਅਮਰੀਕਾ ਪਹੁੰਚ ਚੁੱਕੇ ਸਨ। ਅਮਰੀਕਾ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਆਵਾਜਾਈ ਰੋਕਣ 'ਚ ਕਾਫੀ ਦੇਰ ਕਰ ਦਿੱਤੀ ਸੀ। ਇੱਥੋਂ ਤਕ ਕਿ 16 ਮਾਰਚ ਤਕ ਵੀ ਅਮਰੀਕਾ ਨੇ ਇਸ ਨੂੰ ਪੂਰਨ ਤੌਰ 'ਤੇ ਲਾਗੂ ਨਹੀਂ ਕੀਤਾ ਸੀ।

14 ਮਾਰਚ ਨੂੰ ਨਿਊਯਾਰਕ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਸੀ। ਹਾਲਾਂਕਿ ਗਵਰਨਰ ਨੇ ਉੱਥੇ ਸੱਤ ਮਾਰਚ ਨੂੰ ਹੀ ਸਟੇਟ ਐਮਰਜੈਂਸੀ ਐਲਾਨ ਦਿੱਤੀ ਸੀ ਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਸੀ। ਇਸ ਦੇ ਬਾਵਜੂਦ ਲੋਕਾਂ ਨੇ ਇਸ ਦਾ ਸਖ਼ਤੀ ਨਾਲ ਪਾਲਣ ਨਹੀਂ ਕੀਤਾ। 23 ਮਾਰਚ ਨੂੰ ਨਿਊਯਾਰਕ 'ਚ ਸੈਂਕੜੇ ਲੋਕਾਂ ਦੀ ਇਕੱਠੀ ਭੀੜ ਦੀ ਫੋਟੋ ਵਾਇਰਲ ਹੋਣ ਮਗਰੋਂ ਗਵਰਨਰ ਨੇ ਲੌਕਡਾਊਨ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਸਨ।

ਚੀਨ 'ਚ ਵਾਇਰਸ ਦੇ ਫੈਲਣ ਦਰਮਿਆਨ ਅਮਰੀਕਾ ਨੇ ਚੀਨ ਨੂੰ ਕਾਫੀ ਮਾਤਰਾ 'ਚ ਪਰਸਨਲ ਪ੍ਰੋਟੈਕਟਿਵ ਇਕਿਊਪਮੈਂਟਸ ਦਿੱਤੇ ਸਨ। ਉਸ ਸਮੇਂ ਇਹ ਵਾਇਰਸ ਅਮਰੀਕਾ 'ਚ ਲਗਾਤਾਰ ਵਧ ਰਹੇ ਮਾਮਲਿਆਂ ਤੇ ਧਿਆਨ ਨਹੀਂ ਦਿੱਤਾ ਗਿਆ। ਇਸ ਵਜ੍ਹਾਂ ਨਾਲ ਅਮਰੀਕਾ 'ਚ ਹੀ ਇਨ੍ਹਾਂ ਉਪਕਰਨਾਂ ਦੀ ਕਮੀ ਹੋ ਗਈ।

ਸੂਬਿਆਂ ਦੇ ਗਵਰਨਰਾਂ ਦੀ ਸਲਾਹ ਤੇ ਸਿਹਤ ਵਿਭਾਗ ਦੇ ਮਾਹਿਰਾਂ ਦੀ ਰਾਏ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਜ਼ਰਅੰਦਾਜ਼ ਕੀਤਾ। ਟਰੰਪ ਵੱਲੋਂ ਲਗਾਤਾਰ ਕਿਹਾ ਗਿਆ ਕਿ ਪ੍ਰਸ਼ਾਸਨ ਇਸ 'ਤੇ ਕਾਬੂ ਪਾ ਲਵੇਗਾ। ਅਮਰੀਕਾ 'ਚ ਵਾਇਰਸ ਨਾਲ ਲੜਨ ਤੇ ਇਸਦੀ ਰੋਕਥਾਮ ਵੱਲ ਧਿਆਨ ਦੇਣ ਦੀ ਬਜਾਏ ਟਰੰਪ WHO ਨਾਲ ਭਿੜ ਗਏ ਤੇ ਉਸਦੀ ਫੰਡਿੰਗ ਤਕ ਰੋਕਣ ਦਾ ਫੈਸਲਾ ਲੈ ਲਿਆ।

ਟਰੰਪ ਇਸ ਵਾਇਰਸ ਲਈ ਚੀਨ ਨੂੰ ਘੇਰਦੇ ਦਿਖਾਈ ਦਿੱਤੇ ਜਦਕਿ ਦੂਜੇ ਦੇਸ਼ ਉਸ ਸਮੇਂ ਇਸ ਦੀ ਰੋਕਥਾਮ ਵੱਲ ਧਿਆਨ ਦੇ ਰਹੇ ਸਨ।