ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਅੱਤਵਾਦੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਇੰਟੈਲੀਜੈਂਸ ਬਿਊਰੋ ਦੇ ਹੱਥ ਡੀਐੱਸਪੀ ਦੇਵ ਵਲੋਂ ਸਾਲ 2005 ਦਾ ਲਿੱਖਿਆ ਇੱਕ ਪੱਤਰ ਲੱਗਿਆ ਹੈ। ਇਸ 'ਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 4 ਅੱਤਵਾਦੀਆਂ 'ਚੋਂ ਇੱਕ ਨੂੰ ਪੱਤਰ ਲਿੱਖ ਕੇ ਦਿੱਤਾ ਹੋਇਆ ਸੀ ਕਿ ਇਸ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇ। ਜਾਂਚ ਦੌਰਾਨ ਇਹ ਵੀ ਸਾਮ੍ਹਣੇ ਆਇਆ ਹੈ ਕਿ ਦਵਿੰਦਰ ਹੋਰਨਾਂ ਅੱਤਵਾਦੀਆਂ ਦੀ ਮਦਦ ਵੀ ਕਰਦਾ ਰਿਹਾ ਹੈ।


ਜਾਂਚ ਲਈ ਦਵਿੰਦਰ ਸਿੰਘ ਨੂੰ ਦਿੱਲੀ ਲਿਆਂਦਾ ਜਾਵੇਗਾ। ਐੱਨਆਈਏ ਵਲੋਂ ਹੁਣ ਉਸ ਰਿਪੋਰਟ ਦੀ ਵੀ ਜਾਂਚ ਕੀਤੀ ਜਾਵੇਗੀ ਜਿਸ 'ਚ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੇ ਵੀ ਆਪਣੇ ਵਕੀਲ ਨੂੰ ਪੱਤਰ ਲਿੱਖ ਕੇ ਦਵਿੰਦਰ ਦੇ ਨਾਂ ਦਾ ਜ਼ਿਕਰ ਕੀਤਾ ਸੀ।

ਇਸ ਸਭ ਦਰਮਿਆਨ ਦਵਿੰਦਰ ਦੇ ਪਰਿਵਾਰ ਦਾ ਇਹ ਦਾਅਵਾ ਹੈ ਕਿ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਉਸ ਨੇ ਦੇਸ਼ ਦੇ ਲਈ ਗੋਲੀਆਂ ਖਾਧੀਆਂ ਹਨ ਤੇ ਹੁਣ ਉਸ ਨੂੰ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ।