ਨਵੀਂ ਦਿੱਲੀ: ਸੀਨੀਅਰ ਵਕੀਲ ਇੰਦਰਾ ਜੈਸਿੰਘ ਵਲੋਂ ਨਿਰਭਯਾ ਦੀ ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸੋਨੀਆ ਗਾਂਧੀ ਵਾਂਗ ਨਿਰਭਯਾ ਦੇ ਦੋਸ਼ੀਆਂ ਨੂੰ ਮੁਆਫ਼ ਕਰ ਦੇਵੇ। ਇਸ 'ਤੇ ਨਿਰਭਯਾ ਦੀ ਮਾਂ ਤੋਂ ਬਾਅਦ ਨਿਰਭਯਾ ਦੇ ਪਿਤਾ ਨੇ ਵੀ ਇੰਦਰਾ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਹਾ ਕਿ ਸੀਨੀਅਰ ਵਕੀਲ ਨੂੰ ਆਪਣੇ ਅਜਿਹੇ ਸੁਝਾਅ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਗੈਂਗਰੇਪ ਦੇ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਨਿਰਭਯਾ ਦੇ ਪਿਤਾ ਨੇ ਕਿਹਾ ਕਿ ੳਨ੍ਹਾਂ ਦੇ ਪਰਿਵਾਰ ਦਾ ਇੰਨ੍ਹਾਂ ਵੱਡਾ ਦਿਲ ਨਹੀਂ ਹੈ ਜਿਨ੍ਹਾਂ ਕਾਂਗਰਸ ਆਗੂ ਸੋਨੀਆ ਗਾਂਧੀ ਦਾ ਹੈ।

ਨਿਰਭਯਾ ਦੇ ਪਿਤਾ ਮੁਤਾਬਕ ਇੰਦਰਾ ਜੈਸਿੰਘ ਆਪ ਔਰਤ ਹੈ। ਉਨ੍ਹਾਂ ਨੂੰ ਆਪਣੇ ਬਿਆਨਾਂ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਤ ਸਾਲ ਤੋਂ ਇਨਸਾਫ਼ ਲਈ ਲੜਾਈ ਲੜ੍ਹ ਰਹੇ ਹਾਂ। ਅਸੀਂ ਆਮ ਇਨਸਾਨ ਹਾਂ ਨਾ ਕਿ ਕੋਈ ਨੇਤਾ। ਸਾਡਾ ਦਿਲ ਸੋਨੀਆ ਗਾਂਧੀ ਜਿਨਾਂ੍ਹ ਵੱਡਾ ਨਹੀਂ ਹੈ। ੳਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਬਲਾਤਕਾਰ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।

ਦਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਗੈਂਗਰੇਪ ਤੇ ਹੱਤਿਆ ਦੇ ਮਾਮਲੇ 'ਚ ਦੋਬਾਰਾ 1 ਫਰਵਰੀ ਦੇ ਲਈ ਚਾਰਾਂ ਦੋਸ਼ੀਆਂ ਵਿਨੈ ਸ਼ਰਮਾ, ਮੁਕੇਸ਼ ਕੁਮਾਰ, ਅਕਸ਼ੈ ਕੁਮਾਰ ਸਿੰਘ, ਤੇ ਪਵਨ ਨੂੰ ਫਾਂਸੀ ਦੀ ਸਜ਼ਾ ਦਾ ਵਾਰੰਟ ਜਾਰੀ ਕੀਤਾ ਹੈ।