ਸ਼ਿਵਸਾਗਰ: ਅਸਾਮ ਦੇ ਸ਼ਿਵਸਾਗਰ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਡੀ ਸਰਕਾਰ ਸੂਬੇ 'ਚ ਆਉਂਦੀ ਹੈ, ਤਾਂ ਅਸੀਂ ਕਦੇ ਵੀ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀਏਏ) ਨੂੰ ਲਾਗੂ ਨਹੀਂ ਕਰਾਂਗੇ। ਉਨ੍ਹਾਂ ਇੱਕ ਰੈਲੀ ਵਿੱਚ ਕਿਹਾ ਕਿ ਜਿੰਨਾ ਤੁਹਾਨੂੰ ਦੇਸ਼ ਦੀ ਜ਼ਰੂਰਤ ਹੈ, ਉੱਨੀ ਹੀ ਇਸ ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ। ਜੇ ਭਾਰਤ ਨੂੰ ਠੇਸ ਪਹੁੰਚਦੀ ਹੈ ਤਾਂ ਅਸੀਂ ਦੁਖੀ ਹੋਵਾਂਗੇ, ਅਸੀਂ ਇਹ ਨਹੀਂ ਚਾਹੁੰਦੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਮਾਰਚ-ਅਪ੍ਰੈਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸਾਮ 'ਚ ਆਪਣੀ ਪਹਿਲੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਰਾਜ ਨੂੰ ਇੱਕ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਨਾਗਪੁਰ ਅਤੇ ਦਿੱਲੀ ਦੀ ਨਹੀਂ, ਬਲਕਿ ਲੋਕਾਂ ਦੀ ਆਵਾਜ਼ ਸੁਣੇ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਤਰੁਣ ਗੋਗੋਈ ਅਤੇ ਇਸ ਰਾਜ ਦਾ ਅਪਮਾਨ ਕੀਤਾ ਹੈ। ਅਸਾਮ ਦੇ ਲੋਕ ਮਿਲ ਕੇ ਨਾਜਾਇਜ਼ ਪਰਵਾਸ ਦੀ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਜੇ ਇਹ ਰਾਜ ਦੁਬਾਰਾ ਵੰਡਿਆ ਜਾਂਦਾ ਹੈ, ਜੋ ਭਾਜਪਾ ਅਤੇ ਆਰਐਸਐਸ ਰੋਜ਼ਾਨਾ ਕਰਦੇ ਹਨ, ਤਾਂ ਅਸਮ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸਾਮ ਦਾ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਹੈ। ਅਸਾਮ ਦੇ ਨੌਜਵਾਨ ਜਾਣਦੇ ਹਨ ਕਿ ਭਾਜਪਾ ਸਰਕਾਰ ਵਿੱਚ ਕੋਈ ਰੁਜ਼ਗਾਰ ਨਹੀਂ ਹੋਵੇਗਾ। ਨਰਿੰਦਰ ਮੋਦੀ ਨੇ ਖੇਤੀ ਨੂੰ ਖਤਮ ਕਰਨ ਲਈ ਤਿੰਨ ਖੇਤੀਬਾੜੀ ਕਾਨੂੰਨ ਲਿਆਂਦੇ ਹਨ। ਜੇ ਅਸੀਂ ਇਥੇ ਸਰਕਾਰ 'ਚ ਆਉਂਦੇ ਹਾਂ, ਜੋ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਖ਼ਤਮ ਹੋ ਜਾਵੇਗੀ।