ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੈਕਸੀਨੇਸ਼ਨ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਕੱਲ੍ਹ ਭਾਵ 6 ਅਪ੍ਰੈਲ ਤੋਂ ਦਿੱਲੀ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਰਾਤ ਵੇਲੇ ਵੀ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਟੀਕਾਕਰਨ ਕੇਂਦਰਾਂ 'ਚੋਂ ਇਕ ਤਿਹਾਈ ਕੇਂਦਰ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 9 ਵਜੇ ਤਕ ਵੀ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਫਿਲਹਾਲ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਂਦਾ ਹੈ।


 


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ ਵਧ ਰਹੇ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ। ਆਪਣੇ ਪੱਤਰ ਵਿੱਚ, ਉਨ੍ਹਾਂ ਨੇ ਟੀਕਾਕਰਨ ਕੇਂਦਰ ਖੋਲ੍ਹਣ ਦੀਆਂ ਸ਼ਰਤਾਂ 'ਚ ਛੂਟ ਅਤੇ ਟੀਕਾਕਰਨ ਦੀ ਉਮਰ ਹੱਦ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣਾ ਹੋਵੇਗਾ। ਨਵੇਂ ਕੇਂਦਰ ਖੋਲ੍ਹਣ ਦੇ ਨਿਯਮਾਂ ਨੂੰ ਸਰਲ ਬਣਾਇਆ ਜਾਂਦਾ ਹੈ ਅਤੇ ਹਰੇਕ ਨੂੰ ਟੀਕਾ ਲਗਾਉਣ ਦੀ ਆਗਿਆ ਹੈ, ਫਿਰ ਦਿੱਲੀ ਸਰਕਾਰ ਤਿੰਨ ਮਹੀਨਿਆਂ 'ਚ ਸਾਰੇ ਦਿੱਲੀ ਵਾਸੀਆਂ ਨੂੰ ਟੀਕਾ ਲਗਾ ਸਕਦੀ ਹੈ। 


 


ਉਧਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ’ਚ ਅੱਜ ਤੋਂ ਦਫ਼ਾ 144 ਲਾਗੂ ਕਰ ਦਿੱਤੀ ਹੈ। ਪੰਜ ਤੋਂ ਵੱਧ ਲੋਕਾਂ ਦੇ ਇੱਕ ਥਾਂ ਇਕੱਠੇ ਹੋਣ ’ਤੇ ਰੋਕ ਹੈ। ਪੰਚਾਇਤ ਚੋਣਾਂ ’ਚ ਪ੍ਰਚਾਰ ਦੌਰਾਨ ਵੀ ਕੋਵਿਡ ਪ੍ਰੋਟੋਕੋਲ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਲਈ ਸਾਰੇ ਜ਼ਿਲ੍ਹਿਆਂ ਦੇ ਡੀਐੱਮ ਅਤੇ ਐੱਸਪੀ ਨੂੰ ਚਿੱਠੀ ਭੇਜੀ ਗਈ ਹੈ। ਕਿਸੇ ਵੀ ਪ੍ਰੋਗਰਾਮ ਵਿੱਚ 100 ਤੋਂ ਵੱਧ ਲੋਕਾਂ ਦੇ ਇਜਾਜ਼ਤ ਲੈ ਕੇ ਇਕੱਠੇ ਹੋਣ ਉੱਤੇ ਛੋਟ ਹੈ।


 


ਉੱਤਰ ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨੂੰ ਵੇਖਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਸਾਰੇ ਕੋਵਿਡ ਹਸਪਤਾਲਾਂ ਲਈ ਨੋਡਲ ਅਧਿਕਾਰੀ ਦੀ ਤਾਇਨਾਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।