ਬਰਨਾਲਾ: ਕਿਸਾਨ ਅੱਜ ਦੇਸ਼ ਭਰ ਵਿੱਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਦੇ ਦਫਤਰਾਂ ਦਾ ਘਿਰਾਓ ਕਰ ਰਹੇ ਹਨ। ਪੰਜਾਬ ਵਿੱਚ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਅੱਜ ਜ਼ਿਲ੍ਹਾ ਬਰਨਾਲਾ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਫਸੀਆਈ ਦੇ ਗੁਦਾਮ ਦਾ ਘਿਰਾਓ ਕੀਤਾ।

ਦੱਸ ਦੇਈਏ ਕਿ ਭਾਰਤੀ ਖੁਰਾਕ ਨਿਗਮ ਦੇ ਖੇਤਰੀ ਜਨਰਲ ਮੈਨੇਜਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਖੁਰਾਕ ਨਿਗਮ ਦੇ ਦਫਤਰਾਂ, ਸਟਾਫ ਤੇ ਅਨਾਜ ਭੰਡਾਰ ਲਈ ਸੁਰੱਖਿਆ ਮੰਗੀ ਸੀ। ਇਸ ਲਈ ਪੰਜਾਬ ਪੁਲਿਸ ਵੱਲੋਂ ਖੁਰਾਕ ਨਿਗਮ ਦੀਆਂ ਇਮਾਰਤਾਂ ’ਤੇ ਫੋਰਸ ਵੀ ਤਾਇਨਾਤ ਕੀਤੀ ਗਈ। ਪੰਜਾਬ ਦੀਆਂ 32 ਕਿਸਾਨ ਧਿਰਾਂ ਵੱਲੋਂ ਪੰਜਾਬ ਵਿਚਲੇ ਸੈਂਕੜੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਭਾਰਤੀ ਖੁਰਾਕ ਨਿਗਮ ਦਾ ਸਮੁੱਚਾ ਕੰਮ-ਕਾਰ ਅੱਜ ਠੱਪ ਰਿਹਾ। ਕਿਸਾਨ ਧਿਰਾਂ ਵੱਲੋਂ ਅੱਜ 11 ਤੋਂ ਸ਼ਾਮ 5 ਵਜੇ ਤੱਕ ਐੱਫਸੀਆਈ ਦੇ ਦਫ਼ਤਰਾਂ ਦਾ ਘਿਰਾਓ ਜਾਰੀ ਰਹੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ‘ਤੇ ਨਮੀ ਦੀ ਮਾਤਰਾ 12 ਪ੍ਰਤੀਸ਼ਤ, ਕਣਕ ਦੇ ਟੁੱਟੇ ਦਾਣਿਆਂ ਦੀ ਮਾਤਰਾ 4 ਪ੍ਰਤੀਸ਼ਤ ਤੋਂ ਘਟਾ ਕੇ 2 ਪ੍ਰਤੀਸ਼ਤ, ਕਣਕ ਦੇ ਖਰਾਬ ਦਾਣੇ ਦੀ ਮਾਤਰਾ 3 ਪ੍ਰਤੀਸ਼ਤ ਤੋਂ ਘਟਾ ਕੇ 1.50 ਪ੍ਰਤੀਸ਼ਤ ਕਰਨ ਅਤੇ ਫਸਲ ਵੇਚਣ ਵਾਲੇ ਕਿਸਾਨ ਦੀ ਜ਼ਮੀਨ ਦੇ ਰਿਕਾਰਡ ਜਮਾ ਕਰਨ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਵਿੱਚ FCI ਦੇ ਗੋਦਾਮਾਂ ਦੀ ਘੇਰਾਬੰਦੀ ਕੀਤੀ ਗਈ ਹੈ।

ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਸਾਨ ਆਗੂਆਂ ਨੇ ਕਿਹਾ, "ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਸਮੇਂ ਬੇਟਾਇਮੀਆਂ ਸ਼ਰਤਾਂ ਲਗਾਈਆਂ ਹਨ। ਫਜੂਲ ਦੀਆਂ ਸ਼ਰਤਾਂ ਲਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਅੱਜ ਬਰਨਾਲਾ ਜ਼ਿਲ੍ਹੇ ਦੇ ਸਮੂਹ ਕਿਸਾਨ ਸੰਗਠਨਾਂ ਵੱਲੋਂ ਗੁਦਾਮਾਂ ਦੀ ਘੇਰਾਬੰਦੀ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।"


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ