ਚੰਡੀਗੜ੍ਹ: ਸੂਬੇ 'ਚ ਅੱਜ ਪੁਲਿਸ ਵੱਲੋਂ 'ਮੈਂ ਵੀ ਹਾਂ ਹਰਜੀਤ' ਨਾਂ ਦਾ ਕੰਪੇਨ ਚਲਾਈ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਸਮੇਤ ਸਾਰੇ ਪੁਲਿਸ ਕਰਮੀ ਨੇਮ ਪਲੇਟ 'ਤੇ ਹਰਜੀਤ ਸਿੰਘ ਦੇ ਨਾਂ ਦੀ ਚਿੱਟ ਲਾ ਕੇ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਸਬ ਇੰਸਪੈਕਟਰ ਪ੍ਰਮੋਟ ਕਰ ਦਿੱਤਾ ਗਿਆ ਹੈ।


ਦਰਅਸਲ ਏਐਸਆਈ ਹਰਜੀਤ ਸਿੰਘ ਪਟਿਆਲਾ 'ਚ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ 'ਚ ਹੱਥ ਵਢਿਆ ਗਿਆ ਸੀ। ਚੰਡੀਗੜ੍ਹ ਪੀਜੀਆਈ ਵਿੱਚ ਡਾਕਟਰਾਂ ਵੱਲੋਂ ਸਰਜਰੀ ਕਰਕੇ ਉਨ੍ਹਾਂ ਦਾ ਹੱਥ ਜੋੜ ਦਿੱਤਾ ਗਿਆ। ਫਿਲਹਾਲ ਉਹ ਅਜੇ ਵੀ ਹਸਪਤਾਲ 'ਚ ਹੀ ਦਾਖਲ ਹਨ। ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ। ਅੱਜ ਪੰਜਾਬ ਪੁਲਿਸ ਵੱਲੋਂ ਪੀਜੀਆਈ ਚੰਡੀਗੜ੍ਹ ‘ਚ ਦਾਖਲ ਹਰਜੀਤ ਸਿੰਘ ਨੂੰ ਵਿਲੱਖਣ ਸਨਮਾਨ ਦਿੱਤਾ ਗਿਆ।


ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ 80 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਨਾਂ ਪਲੇਟ 'ਤੇ ਐਸਆਈ ਹਰਜੀਤ ਸਿੰਘ ਦਾ ਨਾਂ ਹੈ। ਇਸ ਦਾ ਅਸਰ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਦੇ ਰੇਵਾੜੀ 'ਚ ਵੀ ਪੁਲਿਸ 'ਮੈਂ ਵੀ ਹਰਜੀਤ' ਨਾਂ ਦੇ ਸਲੋਗਨ ਨਾਲ ਨਾਕਿਆਂ 'ਤੇ ਡਿਊਟੀ ਦੇ ਰਹੇ ਹਨ।