ਮਹਿਤਾਬ–ਉਦ–ਦੀਨ

 

ਚੰਡੀਗੜ੍ਹ/ਸੈਨ ਹੋਜ਼ੇ: ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਸੈਨ ਹੋਜ਼ੇ ’ਚ ਇੱਕ ਨੌਜਵਾਨ ਸਿੱਖ ਬੱਸ ਡਰਾਇਵਰ ’ਤੇ ਕਾਤਲਾਨਾ ਹਮਲਾ ਹੋਇਆ ਹੈ। ਇਹ ਹਮਲਾ ਇੱਕ ਤੀਰ ਨਾਲ ਕੀਤਾ ਗਿਆ ਹੈ, ਜੋ ਉਨ੍ਹਾਂ ਦੀ ਪਿੱਠ ਵਿੱਚ ਆ ਕੇ ਲੱਗਾ। ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਦੇ ਮੁਕਾਬਲੇ ਕੁਝ ਬਿਹਤਰ ਦੱਸੀ ਜਾਂਦੀ ਹੈ।

 

ਪੀੜਤ ਸਿੱਖ ਡਰਾਇਵਰ ਸਰਕਾਰੀ ਏਜੰਸੀ ‘ਵੈਲੀ ਟ੍ਰਾਂਸਪੋਰਟ ਅਥਾਰਟੀ’ (VTA) ਦੇ ਮੁਲਾਜ਼ਮ ਹਨ। ਇਸ ਹਮਲੇ ਕਾਰਣ ਸੈਨ ਹੋਜ਼ੇ ’ਚ ਵੱਸਦੀ ਸਿੱਖ ਆਬਾਦੀ ਵਿੱਚ ਦਹਿਸ਼ਤ ਫੈਲ ਰਹੀ ਹੈ। ਸਰਕਾਰੀ ਤੌਰ ’ਤੇ 36–ਸਾਲਾ ਸਿੱਖ ਬੱਸ ਡਰਾਇਵਰ ਦਾ ਨਾਂ ਜਾਣਬੁੱਝ ਕੇ ਜੱਗ ਜ਼ਾਹਿਰ ਨਹੀਂ ਕੀਤਾ ਗਿਆ।

 

1,500 VTA ਬੱਸ ਡਰਾਈਵਰਾਂ, ਮਕੈਨਿਕਾਂ ਤੇ ਲਾਈਟ ਰੇਲ ਆਪਰੇਟਰਜ਼ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ‘ਅਮੱਲਗਾਮੇਟਡ ਟ੍ਰਾਂਜ਼ਿਟ ਯੂਨੀਅਨ ਲੋਕਲ 265’ ਦੇ ਪ੍ਰਧਾਨ ਜੌਨ ਕਰਟਨੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਸਿੱਖ ਡਰਾਇਵਰ ਉੱਤੇ ਹਮਲਾ ਮੰਗਲਵਾਰ, 27 ਅਪ੍ਰੈਲ, 2021 ਨੂੰ ਹੋਇਆ, ਜਦੋਂ ਉਹ ਇੱਕ ਬ੍ਰੇਕ ਦੌਰਾਨ ਸੈਨ ਹੋਜ਼ੇ ਦੇ ਐਲਮ ਰੌਕ ਸੈਕਸ਼ਨ ’ਚ ਸੀਐਰਾ ਗ੍ਰੈਂਡ ਵੇਅ ਤੇ ਨੌਰਥ ਕੈਪੀਟਲ ਐਕਸਪ੍ਰੈੱਸਵੇਅ ਨੇੜੇ ਆਪਣੇ ਇੱਕ ਸਾਥੀ ਸਿੱਖ ਮੁਲਾਜ਼ਮ ਨਾਲ ਪੈਦਲ ਤੁਰੇ ਜਾ ਰਹੇ ਸਨ।

 

ਹਮਲਾਵਰ ਦਾ ਤੀਰ ਉਨ੍ਹਾਂ ਦੀ ਪਿੱਠ ਵਿੱਚ ਆ ਕੇ ਡੂੰਘਾ ਖੁਭ ਗਿਆ। ਚੰਗੀ ਗੱਲ ਇਹ ਰਹੀ ਕਿ ਉਸ ਨੇ ਸਰੀਰ ਅੰਦਰ ਕਿਸੇ ਮੁੱਖ ਅੰਗ- ਦਿਲ, ਜਿਗਰ ਜਾਂ ਫੇਫੜਿਆਂ ਆਦਿ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜੇ ਕਿਤੇ ਇਹ ਤੀਰ ਕਿਸੇ ਮੁੱਖ ਅੰਗ ਨੂੰ ਪੰਕਚਰ ਕਰ ਦਿੰਦਾ, ਤਾਂ ਮੈਡੀਕਲ ਚੁਣੌਤੀਆਂ ਬਹੁਤ ਜ਼ਿਆਦਾ ਵਧ ਜਾਣੀਆਂ ਸਨ।

 

ਨੌਜਵਾਨ ਸਿੱਖ ਡਰਾਇਵਰ ਪਿਛਲੇ ਪੰਜ ਸਾਲਾਂ ਤੋਂ VTA ਲਈ ਸੇਵਾ ਦੇ ਰਹੇ ਹਨ। ‘ਫ਼ੌਕਸ ਕੇਟੀਵੀਯੂ’ (Fox KTVU) ਵੱਲੋਂ ਪ੍ਰਕਾਸ਼ਿਤ ਜੈਸੀ ਗੈਰੀ (Jesse Gary) ਦੀ ਰਿਪੋਰਟ ਅਨੁਸਾਰ ਹੁਣ ਪੀੜਤ ਸਿੱਖ ਡਰਾਇਵਰ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

 

ਸੈਂਟਾ ਕਲਾਰਾ ਕਾਊਂਟੀ ਸ਼ੈਰਿਫ਼ ਦੇ ਦਫ਼ਤਰੀ ਬੁਲਾਰੇ ਰੱਸੇਲ ਡੇਵਿਸ ਨੇ ਵੀ ਕਿਹਾ ਕਿ ਸਿੱਖ ਡਰਾਇਵਰ ਦੇ ਜਿਸ ਤਰ੍ਹਾਂ ਤੀਰ ਖੁੱਭਿਆ ਹੈ, ਉਸ ਨਾਲ ਕੁਝ ਵੀ ਹੋ ਸਕਦਾ ਸੀ। ਮੁੱਖ ਸਰੀਰਕ ਅੰਗਾਂ ਤੱਕ ਪੁੱਜਣ ਵਿੱਚ ਉਸ ਦਾ ਸਿਰਫ਼ ਕੁਝ ਮਿਲੀਮੀਟਰ ਦਾ ਫ਼ਾਸਲਾ ਹੀ ਰਹਿ ਗਿਆ ਸੀ ਤੇ ਇਹ ਹਮਲਾ ਬੇਹੱਦ ਘਾਤਕ ਸਿੰਧ ਹੋ ਸਕਦਾ ਸੀ।

 

ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਮੈਂਬਰ ਉੱਤੇ ਦੂਜੀ ਵਾਰ ਅਜਿਹਾ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 2019 ’ਚ ਇੱਕ ਮਹਿਲਾ ਬੱਸ ਡਰਾਇਵਰ ਦੀ ਸਿਰ ਵਿੱਚ ਪੈਲੇਟ ਗੰਨ ਨਾਲ ਵਾਰ ਕੀਤਾ ਗਿਆ ਸੀ। ਉਹ ਚਮਤਕਾਰੀ ਢੰਗ ਨਾਲ ਇਹ ਹਮਲਾ ਝੱਲ ਗਈ ਤੇ ਹੁਣ ਆਪਣੀ ਡਿਊਟੀ ’ਤੇ ਪਰਤ ਆਈ ਹੈ।

 

ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਨਫ਼ਰਤੀ ਹਿੰਸਾ ਦਾ ਮਾਮਲਾ ਜਾਪ ਰਿਹਾ ਹੈ। ਅਮਰੀਕਾ ਵਿੱਚ ਨਫ਼ਰਤ ਨਾਲ ਕੀਤਾ ਗਿਆ ਕੋਈ ਵੀ ਹਮਲਾ ਬਹੁਤ ਵੱਡਾ ਸੰਗੀਨ ਅਪਰਾਧ ਮੰਨਿਆ ਜਾਂਦਾ ਹੈ।