ਮਹਿਤਾਬ-ਉਦ-ਦੀਨ
ਚੰਡੀਗੜ੍ਹ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਸਿੱਖ ਵਿਅਕਤੀਆਂ ਦੇ ਇੱਕ ਸਮੂਹ ’ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਇਸ ਨੂੰ ‘ਨਫ਼ਰਤੀ’ ਹਮਲਾ ਮੰਨ ਕੇ ਚੱਲ ਰਹੀ ਹੈ। ਸਿਡਨੀ ਪੁਲਿਸ ਮੁਤਾਬਕ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀਆਂ ਸੀਮਾਵਾਂ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉੱਥੇ ਸਿੰਘੂ ਤੇ ਟਿੱਕਰੀ ਬਾਰਡਰ ਉੱਤੇ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ। ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਹੱਕ ਵਿੱਚ ਹਨ। ਇਸ ਤਾਜ਼ਾ ਹਮਲੇ ਪਿੱਛੇ ਸਰਕਾਰੀ ਸਮਰਥਕਾਂ ਦੇ ਹੋਣ ਦਾ ਖ਼ਦਸ਼ਾ ਹੈ ਪਰ ਇਸ ਦੋਸ਼ ਦੀ ਹਾਲ ਦੀ ਘੜੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਹਾਲੇ ਇਹ ਸਿਰਫ਼ ਦੋਸ਼ ਹੀ ਹਨ।
ਸਿੱਖਾਂ ਉੱਤੇ ਹਮਲੇ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ; ਜਿਸ ਦੀ ਫ਼ੁਟੇਜ ਵਿੱਚ ਕੁਝ ਵਿਅਕਤੀ ਇੱਕ ਕਾਰ ਉੱਤੇ ਹਮਲਾ ਕਰਦੇ ਵਿਖਾਈ ਦਿੰਦੇ ਹਨ। ਆਸਟ੍ਰੇਲੀਆ ਦੇ ‘7 ਨਿਊਜ਼’ ਦੀ ਰਿਪੋਰਟ ਅਨੁਸਾਰ ਹਮਲਾਵਰਾਂ ਨੇ ਸਿੱਖ ਯਾਤਰੀਆਂ ਦੀ ਕਾਰ ਉੱਤੇ ਬੇਸਬਾਲ ਦੇ ਬੈਟਾਂ ਤੇ ਹਥੌੜਿਆਂ ਨਾਲ ਹਮਲਾ ਬੋਲ ਦਿੱਤਾ; ਜਿਸ ਨਾਲ ਕਾਰ ਦੇ ਸ਼ੀਸ਼ੇ ਟੁੱਟ ਗਏ ਪਰ ਅੰਦਰ ਬੈਠੇ ਵਿਅਕਤੀਆਂ ਨੂੰ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਹ ਘਟਨਾ ਪਿਛਲੇ ਹਫ਼ਤੇ ਸਿਡਨੀ ਦੇ ਪੱਛਮੀ ਇਲਾਕੇ ਦੇ ਹੈਰਿਸ ਪਾਰਕ ’ਚ ਵਾਪਰੀ ਸੀ। ਇੱਕ ਪੀੜਤ ਸਿੱਖ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਰ ਦੇ ਚਾਰੇ ਪਾਸਿਓਂ ਵਾਰ ਕੀਤੇ ਤੇ ਉੱਥੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਕਾਰਣ ਕਾਰ ਦਾ 10,000 ਡਾਲਰ ਦਾ ਨੁਕਸਾਨ ਹੋ ਗਿਆ ਹੈ।
ਦੱਸ ਦੇਈਏ ਕਿ ਸਿਡਨੀ ’ਚ ਹੀ ਪੰਜਾਬੀਆਂ ਉੱਤੇ ਹਮਲੇ ਦੀ ਇੱਕ ਵਾਰਦਾਤ ਕੁਝ ਹਫ਼ਤੇ ਪਹਿਲਾਂ ਵੀ ਵਾਪਰੀ ਸੀ। ਉਸ ਨੂੰ ਵੀ ਭਾਰਤ ਦੇ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖਿਆ ਗਿਆ ਸੀ। ‘ਲਿਟਲ ਇੰਡੀਆ’ ਦੇ ਨਿਵਾਸੀ ਕਮਾਲ ਸਿੰਘ ਨੇ ਕਿਹਾ ਕਿ ਇਹ ਮਸਲਾ ਸ਼ਾਂਤੀਪੂਰਨ ਤਰੀਕੇ ਨਾਲ ਹੀ ਹੱਲ ਹੋਣਾ ਚਾਹੀਦਾ ਹੈ। ਇੱਕ-ਦੂਜੇ ਨਾਲ ਲੜ ਕੇ ਗੱਲ ਨਹੀਂ ਬਣਨੀ।