ਮੁੰਬਈ: ਬੈਂਕ ਖਪਤਕਾਰਾਂ ਨੂੰ ਏਟੀਐਮ 'ਚੋਂ ਪੈਸੇ ਕੱਢਣ 'ਤੇ ਉਨ੍ਹਾਂ ਨੂੰ ਚਾਰਜ ਦੇਣਾ ਪੈ ਸਕਦਾ ਹੈ। ਏਟੀਐਮ ਆਪਰੇਟਰ ਐਸੋਸੀਏਸ਼ਨ ਨੇ ਰਿਜ਼ਰਵ ਬੈਂਕ ਨੂੰ ਪੱਤਰ ਲਿਖਿਆ ਹੈ, ਜਿਸ 'ਚ ਨਕਦੀ ਨਿਕਾਸੀ ਲਈ ਲੱਗਣ ਵਾਲੇ ਇੰਟਰਚੇਂਜ ਫੀਸ 'ਚ ਵਾਧੇ ਦੀ ਗੁਹਾਰ ਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਆਰਬੀਆਈ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਨੂੰ ਅਮਲੀ ਜਾਮਾ ਪਹਿਣਾ ਦਿੱਤਾ ਜਾਵੇਗਾ।


ਏਟੀਐਮ ਆਪਰੇਟਰ ਐਸੋਸੀਏਸ਼ਨ ਨੇ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇੰਟਰਚੇਂਜ ਫੀਸ ਘੱਟ ਹੋਣ ਕਰਕੇ ਉਨ੍ਹਾਂ ਨੂੰ ਵੱਡਾ ਘਾਟਾ ਤੇ ਕਾਰੋਬਾਰ 'ਚ ਨੁਕਸਾਨ ਝੱਲਣਾ ਪੈ ਰਿਹਾ ਹੈ। ਹਾਲ ਹੀ 'ਚ ਰਿਜ਼ਰਵ ਬੈਂਕ ਨੇ ਸੁਰੱਖਿਆ 'ਤੇ ਜ਼ਿਆਦਾ ਧਿਆਨ ਦੇਣ ਲਈ ਏਟੀਐਮ ਆਪਰੇਟਰ ਨੂੰ ਨਿਰਦੇਸ਼ ਦਿੱਤੇ ਹਨ। ਇਸ ਕਰਕੇ ਉਨ੍ਹਾਂ ਦਾ ਖਰਚਾ ਵੀ ਵਧਿਆ ਹੈ।

ਆਰਬੀਆਈ ਦੀਆਂ ਗਾਇਡਲਾਈਨਸ ਮੁਤਾਬਕ ਏਟੀਐਮ ਆਪਰੇਟਰ ਦੀ ਹਰ ਟਰਾਂਜ਼ੈਕਸ਼ਨ 'ਤੇ 15 ਰੁਪਏ ਇੰਟਰਚੇਂਜ ਫੀਸ ਦੇ ਰੂਪ 'ਚ ਮਿਲਦੇ ਹਨ। ਸੂਤਰਾਂ ਮੁਤਾਬਕ ਕਮੇਟੀ ਜਲਦ ਹੀ ਆਰਬੀਆਈ ਨੂੰ ਆਪਣੀ ਸਿਫਾਰਸ਼ ਸੌਂਪਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪ੍ਰਸਤਾਵਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ।