ਤਰਨਤਾਰਨ: ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ (Hazoor sahib) ਤੋਂ ਤਰਨਤਾਰਨ (taran taran) ਵਾਪਸ ਪਰਤ ਰਹੇ 14 ਸ਼ਰਧਾਲੂਆਂ ਚੋਂ 6 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ (covid-19 positive) ਆਈ ਹੈ। ਇਸ ਦੀ ਜਾਣਕਾਰੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ 14 ਸ਼ਰਧਾਲੂਆਂ ਚੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਰ ਸਿੰਘ ਦੇ 5 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ, ਜਦਕਿ ਬਾਸਰਕੇ ਪਿੰਡ ਦਾ ਇੱਕ ਸ਼ਰਧਾਲੂ, ਜੋ ਸ਼ਰਧਾਲੂਆਂ ਦੇ ਇਸ ਜੱਥੇ ‘ਚ ਸ਼ਾਮਲ ਸੀ ਨੂੰ ਵੀ ਕੋਰੋਨਾ (coronavirus) ਸਕਾਰਾਤਮਕ ਹੋਣ ਦੀ ਪੁਸ਼ਟੀ ਹੋਈ ਹੈ।


ਇਸ ਨਾਲ ਹੁਣ ਜ਼ਿਲ੍ਹਾ ਤਰਨਤਾਰਨ ‘ਚ ਕੁੱਲ 6 ਸ਼ਰਧਾਲੂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੁਰ ਸਿੰਘ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਇਨ੍ਹਾਂ ਸ਼ਰਧਾਲੂਆਂ ਦੇ ਰਿਸ਼ਤੇਦਾਰਾਂ ਨੂੰ ਵੀ ਅਲੱਗ ਰੱਖਿਆ ਗਿਆ ਹੈ ਤੇ ਉਨ੍ਹਾਂ ਦੀ ਸਿਹਤ ਜਾਂਚ ਲਈ ਨਮੂਨੇ ਲਏ ਗਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦਾ ਜ਼ਿਲ੍ਹਾ ਤਰਨਤਾਰਨ ‘ਚ ਅਜੇ ਤਕ ਇੱਕ ਵੀ ਕੋਰੋਨਾ ਪੌਜ਼ੇਟਿਵ ਮਰੀਜ਼ ਨਾ ਹੋਣ ਕਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ। ਪਰ ਮਹਾਰਾਸ਼ਟਰ ਤੋਂ 6 ਮਰੀਜ਼ਾਂ ਦੇ ਕੋਰੋਨਾ ਪੌਜ਼ੇਟਿਵ ਦੇ ਨਾਲ ਆਉਣ ਕਾਰਨ ਹੁਣ ਜ਼ਿਲ੍ਹਾ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ।