ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਹੈ ਤੇ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ। ਇਸੇ ਦੌਰਾਨ ਆਧੁਨਿਕ ਅਪਰਾਧੀਆਂ ਨੇ ਵੀ ਘਰੇ ਬੈਠੇ ਲੋਕਾਂ ਨੂੰ ਲੁੱਟਣ ਦਾ ਨਵਾਂ ਹਥਕੰਡਾ ਅਪਣਾ ਲਿਆ ਹੈ। ਬੈਂਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ।


ਸਾਈਬਰ ਕ੍ਰਾਈਮ ਕਰਨ ਵਾਲੇ ਅਪਰਾਧੀ ਲਾਲਚ ਭਰੇ ਆਫਰ ਦੇ ਕੇ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦੇ ਹਨ। ਬੈਂਕ ਨੇ ਆਪਣੇ ਗਾਹਕਾਂ ਨੂੰ ਸੁਨੇਹੇ ਭੇਜ ਕੇ ਚੌਕਸ ਕੀਤਾ ਹੈ ਕਿ ਜੇਕਰ ਤੁਹਾਨੂੰ ਅਜਿਹੇ ਨੰਬਰ ਤੋਂ ਫ਼ੋਨ ਆਉਂਦਾ ਹੈ ਜੋ 1800 ਜਾਂ 1860 ਤੋਂ ਸ਼ੁਰੂ ਹੁੰਦਾ ਹੈ ਤਾਂ ਆਪਣੇ ਖਾਤੇ, ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰੋ।


ਐਸਬੀਆਈ ਨੇ ਟਵੀਟ ਕਰਕੇ ਜਾਣਕਾਰੀ ਦਿੱਤਾ ਹੈ ਕਿ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਈ-ਮੇਲ ਜਾਂ ਸੋਸ਼ਲ ਮੀਡੀਆ ਪੋਸਟ ਦਾ ਜਵਾਬ ਦੇਣ ਤੋਂ ਪਹਿਲਾਂ ਪੁਸ਼ਟੀ ਕਰ ਲਓ ਕਿ ਉਕਤ ਪੋਸਟ ਪ੍ਰਮਾਣਿਕ ਹੈ ਜਾਂ ਨਹੀਂ। ਇਸ ਤੋਂ ਇਲਾਵਾ ਆਪਣੀ ਨਿੱਜੀ ਜਾਣਕਾਰੀ ਤੇ ਬੈਂਕ ਖਾਤੇ ਦੇ ਵੇਰਵੇ ਕਿਸੇ ਨਾਲ ਵੀ ਸਾਂਝੇ ਨਾ ਕਰੋ।