ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਇਸ ਨੂੰ ਮਾਨਵਤਾ 'ਤੇ ਕਾਇਰਾਨਾ ਹਮਲਾ ਕਰਾਰ ਦਿੱਤਾ ਹੈ।


ਬੁੱਧਵਾਰ ਨੂੰ 'ਆਪ' ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਧਰਮ, ਰੰਗ-ਨਸਲ, ਦੇਸ਼ ਅਤੇ ਖ਼ਿੱਤਿਆਂ ਦੇ ਭੇਦਭਾਵ ਤੋਂ ਉੱਤੇ ਉੱਠ ਕੇ ਪੂਰੀ ਇੱਕਜੁੱਟਤਾ ਅਤੇ ਇਕਸੁਰਤਾ ਨਾਲ ਮਾਨਵਤਾ ਨੂੰ ਕੋਰੋਨਾਵਾਇਰਸ ਵਰਗੀ ਭਿਆਨਕ ਮਹਾਮਾਰੀ ਤੋਂ ਬਚਾਉਣ ਲਈ ਜੱਦੋਜਹਿਦ ਹੈ, ਤਾਂ ਅਜਿਹੇ ਸਮਿਆਂ 'ਚ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਬੇਹੱਦ ਨਿੰਦਣਯੋਗ ਕਾਰਾ ਹੈ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਸ ਮਾਮਲੇ 'ਚ ਤੁਰੰਤ ਅਤੇ ਸਿੱਧੇ ਸਖ਼ਤ ਦਖ਼ਲ ਦੀ ਮੰਗ ਕੀਤੀ ਹੈ ਤਾਂ ਕਿ ਅਫ਼ਗ਼ਾਨਿਸਤਾਨ 'ਚ ਰਹਿ ਰਹੇ ਸਿੱਖਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਇਸ ਦੌਰਾਨ ਫ਼ੋਨ 'ਤੇ ਗੱਲਬਾਤ ਦੌਰਾਨ ਕੇਂਦਰੀ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨੇ ਭਗਵੰਤ ਮਾਨ ਨੂੰ ਭਰੋਸਾ ਦਿੱਤਾ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਪੂਰੀ ਤਰਾਂ ਸੁਚੇਤ ਹੈ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।