ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 'ਕਮਜ਼ੋਰੀਆਂ ਦੀ ਪੰਡ' ਕਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 'ਕਮਜ਼ੋਰੀਆਂ ਦੀ ਪੰਡ' ਹਨ। ਕੈਪਟਨ ਦੀਆਂ ਇਨ੍ਹਾਂ ਸਿਆਸੀ ਅਤੇ ਨਿੱਜੀ ਕਮਜ਼ੋਰੀਆਂ ਰਾਹੀਂ ਪ੍ਰਧਾਨ ਮੰਤਰੀ ਸਾਰੇ ਪੰਜਾਬ ਨੂੰ ਸੂਲੀ 'ਤੇ ਚੜ੍ਹਾਉਣ ਲਈ ਤੁਲੇ ਹੋਏ ਪਏ ਹਨ।
ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਪੰਜਾਬ ਦੀ ਬਾਂਹ ਮਰੋੜਣ ਦੇ ਦੋਸ਼ ਲਗਾਏ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਮੀਆਂ ਅਤੇ ਕਮਜ਼ੋਰੀਆਂ ਕਾਰਨ ਹੀ ਕੇਂਦਰ ਸਰਕਾਰ ਦੀ ਇਸ ਕਦਰ ਹਿੰਮਤ ਵਧੀ ਹੈ। ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਰੇਲ ਪਟੜੀਆਂ ਖ਼ਾਲੀ ਕਰਨਾ ਸਕਾਰਾਤਮਕ ਕਦਮ ਹੈ, ਪਰ ਕੇਂਦਰ ਸਰਕਾਰ ਦੀ ਟਕਰਾਅ ਅਤੇ ਬਦਲਾਖੋਰੀ ਨੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਲਾਇਕੀਆਂ ਅਤੇ ਕਮਜ਼ੋਰੀਆਂ ਮਸਲੇ ਨੂੰ ਹੋਰ ਗੁੰਝਲਦਾਰ ਬਣਾ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦਮ ਰੱਖਦੇ ਅਤੇ 'ਸ਼ਾਹੀ ਫਾਰਮ ਹਾਊਸ' ਦੀ ਥਾਂ ਦਿੱਲੀ ਬੈਠ ਕੇ ਪ੍ਰਧਾਨ ਮੰਤਰੀ, ਰੇਲ ਮੰਤਰੀ, ਖੇਤੀ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਨਾ ਕੇਵਲ ਰੇਲਾਂ- ਮਾਲ ਗੱਡੀਆਂ ਦਾ ਮਸਲਾ ਹੱਲ ਕਰਾਉਂਦੇ ਸਗੋਂ ਕਿਸਾਨਾਂ ਲਈ ਐਮਐਸਪੀ 'ਤੇ ਖ਼ਰੀਦ ਦੀ ਗਰੰਟੀ ਲੈਂਦੇ। ਪਰ ਅਜਿਹਾ ਕਰਨ ਦੀ ਥਾਂ ਕੈਪਟਨ ਨਿੱਤ-ਨਵੀਂ ਡਰਾਮੇਬਾਜ਼ੀ ਨਾਲ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਬੇਵਕੂਫ਼ ਬਣਾ ਰਹੇ ਹਨ ਅਤੇ ਮੋਦੀ ਦੀ ਕਠਪੁਤਲੀ ਬਣੇ ਹੋਏ ਹਨ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਕੋਲ ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ, ਈਡੀ ਕੇਸ, ਵਿਦੇਸ਼ੀ ਬੈਂਕ ਖਾਤਿਆਂ ਅਤੇ ਮਹਿਮਾਨਾਂ ਵਰਗੀਆਂ ਅਣਗਿਣਤ ਕਮਜ਼ੋਰੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਕੈਪਟਨ ਖ਼ੁਦ ਪ੍ਰਧਾਨ ਮੰਤਰੀ ਜਾਂ ਰੇਲ ਮੰਤਰੀ ਨੂੰ ਮਿਲਣ ਦੀ ਥਾਂ ਆਪਣੇ ਸੰਸਦ ਮੈਂਬਰ 'ਪਿਆਦਿਆਂ' ਨੂੰ ਭੇਜ ਕੇ ਖਾਨਾਪੂਰਤੀ ਕਰ ਰਹੇ ਹਨ ਅਤੇ ਮਸਲੇ ਨੂੰ ਲਟਕਾ ਰਹੇ ਹਨ ਤਾਂ ਕਿ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਜਦਕਿ ਕਾਂਗਰਸੀ ਸੰਸਦ ਮੈਂਬਰਾਂ ਦੀਆਂ ਇਸ ਤੋਂ ਪਹਿਲਾਂ ਹੋਈਆਂ ਸਾਰੀਆਂ ਬੈਠਕਾਂ ਪੂਰੀ ਤਰ੍ਹਾਂ ਬੇਸਿੱਟਾ ਰਹੀਆਂ ਹਨ।