ਨਵੀਂ ਦਿੱਲੀ: ਅੱਜ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਦੇ ਹੱਕ ਵਿੱਚ ਐਲਾਨ ਕੀਤਾ ਹੈ ਕਿ ਅਸੀਂ ਕਿਸਾਨ ਮਈ 2024 ਭਾਵ ਅਗਲੀਆਂ ਆਮ ਚੋਣਾਂ ਤੱਕ ਅੰਦੋਲਨ ਕਰਨ ਲਈ ਤਿਆਰ ਹਾਂ। ਕੇਂਦਰ ਸਰਕਾਰ ਇੱਕ ਵਾਰ ਹੋਰ ਸੋਚ-ਵਿਚਾਰ ਕਰ ਲਵੇ। ਇਸ ਐਲਾਨ ਨਾਲ ਸਰਕਾਰ ਕਸੂਤੀ ਘਿਰ ਗਈ ਹੈ।


ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ, ਤਦ ਤੱਕ ਅਸੀਂ ਇੱਥੇ ਅੰਦੋਲਨ ਖ਼ਤਮ ਨਹੀਂ ਕਰਾਂਗੇ। ਕਿਸਾਨਾਂ ਨੇ ਇਹ ਦ੍ਰਿੜ੍ਹ ਇਰਾਦਾ ਕਰ ਲਿਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ, ਤਦ ਤੱਕ ਉਹ ਕੇਂਦਰ ਵਿਰੁੱਧ ਮੋਰਚਾ ਜਾਰੀ ਰੱਖਣਗੇ। ਕੇਂਦਰ ਸਰਕਾਰ ਜਾਂ ਤਾਂ ਸਾਡੀਆਂ ਮੰਗਾਂ ਮੰਨੇ ਤੇ ਜਾਂ ਫਿਰ ਹਰ 16 ਘੰਟੇ ਪਿੱਛੋਂ ਹੋ ਰਹੀ ਕਿਸਾਨਾਂ ਦੀ ਮੌਤ ਦੀ ਜਵਾਬਦੇਹੀ ਦੇਵੇ।





ਦੇਸ਼ ’ਚ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ 43 ਦਿਨਾਂ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੂੰ ਨਾ ਤਾਂ ਸਖ਼ਤ ਠੰਢ ਰੋਕ ਸਕੀ ਹੈ ਤੇ ਨਾ ਹਾ ਮੀਂਹ। ਕਿਸਾਨ ਲਗਾਤਾਰ ਡਟੇ ਹੋਏ ਹਨ ਪਰ ਸਰਕਾਰ ਕੋਈ ਖ਼ਾਸ ਕਦਮ ਨਹੀਂ ਚੁੱਕ ਰਹੀ ਹੈ। ਪਿੱਛੇ ਜਿਹੇ ਹਾਈਵੇਅ ਜਾਮ ਕਰਨ ਦੇ ਬਾਅਦ ਤੋਂ ਕਿਸਾਨਾਂ ਨੇ 60,000 ਟ੍ਰੈਕਟਰਾਂ ਨਾਲ ਦਿੱਲੀ ’ਚ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਉੱਤੇ ਰੱਜ ਕੇ ਪ੍ਰਦਰਸ਼ਨ ਕਰ ਰਹੇ ਹਨ।






ਅੰਨਦਾਤਿਆਂ ਦੇ ਇਸ ਅੰਦੋਲਨ ’ਚ 40 ਕਿਸਾਨ ਜੱਥੇਬੰਦੀਆਂ ਸ਼ਾਮਲ ਹਨ। ਉਂਝ ਤਾਂ ਕਿਸਾਨਾਂ ਤੇ ਕੇਂਦਰ ਵਿਚਾਲੇ ਦੋ ਵਾਰ ਵਿਗਿਆਨ ਭਵਨ ’ਚ ਗੱਲਬਾਤ ਹੋਈ ਹੈ; ਜਿਸ ਵਿੱਚ ਕੇਂਦਰ ਨੇ ਪਰਾਲੀ ਸਾੜਨ ਬਾਰੇ ਕਾਰਵਾਈ ਨਾ ਕਰਨ ਤੇ ਬਿਜਲੀ ਮੁਫ਼ਤ ਕਰਨ ਦੀਆਂ ਸ਼ਰਤਾਂ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਸੀ।


ਖੇਤੀ ਬਿੱਲਾਂ ਬਾਰੇ ਕੇਂਦਰ ਨੇ ਕਿਹਾ ਕਿ ਸੁਪਰੀਮ ਕੋਰਟ ਜਾਓ। ਇਸ ਗੱਲ ਤੋਂ ਭੜਕ ਕੇ ਹੀ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਹੈ। ਇਸ ਮਾਰਚ ਵਿੱਚ ਮੌਜੂਦ ਹਜ਼ਾਰਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ 26 ਜਨਵਰੀ ਗਣਤੰਤਰ ਦਿਵਸ ਦੀ ਰਿਹਰਸਲ ਹੈ। ਇਸ ਦੌਰਾਨ ਦਿੱਲੀ ਦੀਆਂ ਸੀਮਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।