ਅੰਮ੍ਰਿਤਸਰ: 13 ਅਪ੍ਰੈਲ ਨੂੰ ਖ਼ਾਲਸੇ ਦਾ ਜਨਮ ਦਿਹਾੜਾ ਹੈ। ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਵਿੱਚੋਂ ਇੱਕ ਵਿਸਾਖੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਦਮਦਮਾ ਸਾਹਿਬ ਦੀ ਧਰਤੀ ਉੱਪਰ ਸੰਗਤਾਂ ਦਾ ਇਕੱਠ ਹੰਦਾ ਹੈ। ਇੰਨਾ ਹੀ ਨਹੀਂ ਦੇਸ਼-ਵਿਦੇਸ਼ ਦੇ ਗੁਰੂ ਘਰਾਂ ਵਿੱਚ ਵੀ ਸੰਗਤਾਂ ਵਧ ਚੜ੍ਹ ਕੇ ਖ਼ਾਲਸੇ ਦੇ ਇਸ ਜਨਮ ਦਿਹਾੜੇ ਨੂੰ ਮਨਾਉਣ ਲਈ ਪਹੁੰਚਦੀਆਂ ਹਨ। ਇਸ ਦੌਰਾਨ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਵਿਸਾਖੀ ਮੌਕੇ ਗੁਰਦਵਾਰਾ ਸਾਹਿਬ ਵਿੱਚ ਸੰਗਤਾਂ ਦਾ ਕੋਈ ਵੱਡਾ ਇਕੱਠ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਸੰਗਤਾਂ ਨੂੰ ਵਿਸਾਖੀ ਮੌਕੇ ਘਰਾਂ ਵਿੱਚ ਸਹਿਜ ਪਾਠ ਕਰਨ ਦੇ ਨਿਰਦੇਸ਼ ਦਿੰਦਿਆ ਨਾਲ ਹੀ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਨਿੰਦਾ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਗਿਆ ਹੈ।

ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ, ਪੰਜਾਬ ਵਿੱਚ ਤਾਂ ਕਰਫ਼ਿਊ ਲੱਗੇ ਹੋਣ ਦੀ ਵਜ੍ਹਾਂ ਕਰਕੇ ਕਿਸੇ ਦੇ ਵੀ ਘਰੋਂ ਬਾਹਰ ਨਿਕਲਣ ‘ਤੇ ਮਨਾਹੀ ਲੱਗੀ ਹੋਈ ਹੈ। ਇਸ ਵਾਰ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸੰਗਤ ਦੇ ਇਕੱਤਰ ਹੋਣ ਤੋਂ ਬਚਿਆ ਜਾਣਾ ਚਾਹੀਦਾ ਹੈ। ਜਿਸ ਕਰਕੇ ਇਹ ਫ਼ੈਸਲਾ ਲਿਆ ਹੈ।