ਮੁੰਬਈ: ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਇੱਕ ਵਾਰ ਫਿਰ ਅੱਤਵਾਦੀ ਹਮਲੇ ਦਾ ਖਦਸ਼ਾ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਹੈ ਕਿ ਅੱਤਵਾਦੀ ਮੁੰਬਈ ਵਿੱਚ ਵੱਡਾ ਹਮਲਾ ਕਰ ਸਕਦੇ ਹਨ। ਮੁੰਬਈ ਪੁਲਿਸ ਨੇ ਵੀ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਹਮਲੇ ਦੀ ਸੰਭਾਵਨਾ ਤੋਂ ਬਾਅਦ ਸ਼ਹਿਰ 'ਚ ਡ੍ਰੋਨ ਉਡਾਉਣ 'ਤੇ ਵੀ ਪਾਬੰਦੀ ਲਾਈ ਗਈ ਹੈ।
ਹਵਾਈ ਮਿਜ਼ਾਈਲ ਦੀ ਵਰਤੋਂ ਕਰ ਸਕਦੇ ਅੱਤਵਾਦੀ:
ਇਹ ਖਦਸ਼ਾ ਜਤਾਇਆ ਗਿਆ ਹੈ ਕਿ ਤਿਉਹਾਰਾਂ ਦੌਰਾਨ, ਇੱਕ ਰਿਮੋਟ ਕੰਟਰੋਲ ਵਾਲੇ ਏਅਰਕ੍ਰਾਫਟ ਜਾਂ ਹਵਾਈ ਮਿਜ਼ਾਈਲ ਜ਼ਰੀਏ ਭੀੜ ਵਾਲੇ ਇਲਾਕਿਆਂ ਵਿੱਚ ਹਮਲਾ ਕੀਤਾ ਜਾ ਸਕਦਾ ਹੈ। ਰੱਖਿਆ ਮਾਹਰ ਇਹ ਵੀ ਮੰਨਦੇ ਹਨ ਕਿ ਇਸ ਸਮੇਂ ਪਾਕਿਸਤਾਨ ਤੇ ਅੱਤਵਾਦੀ ਸੰਗਠਨ ਨਾ ਸਿਰਫ ਰਾਜਨੀਤਕ ਅਸਥਿਰਤਾ, ਬਲਕਿ ਤਿਉਹਾਰਾਂ ਨੂੰ ਵੀ ਵਿਗਾੜਨ ਲਈ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਆਈਐਸਆਈ ਜੈਸ਼ ਤੇ ਅਲ ਬਦਰ ਨੂੰ ਹਮਲਿਆਂ ਦੀ ਜ਼ਿੰਮੇਵਾਰੀ ਦਿੰਦਾ- ਖੁਫੀਆ ਸਰੋਤ:
ਪਿਛਲੇ ਹਫਤੇ ਖੁਫੀਆ ਸੂਤਰਾਂ ਤੋਂ ਖ਼ਬਰ ਆਈ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭਾਰਤ ਵਿੱਚ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨਾਂ ਜੈਸ਼-ਏ-ਮੁਹੰਮਦ ਤੇ ਅਲ-ਬਦਰ ਨੂੰ ਦਿੱਤੀ ਹੈ। ਇਨ੍ਹਾਂ ਸੰਗਠਨਾਂ ਦੇ ਅੱਤਵਾਦੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤੇ ਰਾਵਲਕੋਟ, ਖੁਇਰੇਟਾ, ਸਮਾਣੀ ਤੇ ਸਿਆਲਕੋਟ ਦੇ ਲਾਂਚ ਪੈਡਾਸ 'ਤੇ ਭੇਜ ਦਿੱਤਾ ਗਿਆ ਹੈ।