ਕੈਨੇਡਾ ਵਿੱਚ ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਟਰੂਡੋ ਦੀ ਲਿਬਰਲ ਪਾਰਟੀ ਨੂੰ ਫੈਡਰਲ ਚੋਣਾਂ ਵਿੱਚ ਜਿੱਤ ਜ਼ਰੂਰ ਹੋਈ ਹੈ, ਪਰ ਪਾਰਟੀ ਮੁੜ ਸੰਸਦ 'ਚ ਬਹੁਮੱਤ ਤੋਂ ਖੁੰਝ ਗਈ ਹੈ। ਨਤੀਜਾ ਮੱਧਵਰਤੀ ਚੋਣ ਕਰਵਾਉਣ ਦਾ ਫੈਸਲਾ ਜਸਟਿਨ ਟਰੂਡੋ ਲਈ ਫਾਇਦੇ ਦਾ ਨਹੀਂ ਰਿਹਾ। ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ। ਬਹੁਮੱਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਰ ਚੋਣ ਨਤੀਜਿਆਂ ਮੁਤਾਬਕ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ। ਲਿਬਰਲ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੇ ਟਰੂਡੋ ਨੂੰ ਸਖ਼ਤ ਟੱਕਰ ਦਿੱਤੀ, ਪਰ ਉਹ ਇਸ ਵਾਰ ਵੀ ਪਿਛੜ ਗਈ।
ਹਲਾਂਕਿ ਸੀਟਾਂ ਦੇ ਹਿਸਾਬ ਨਾਲ ਜਸਟਿਨ ਟਰੂਡੋ ਫਿਰ ਸਰਕਾਰ ਬਣਾਉਣਗੇ, ਪਰ ਇਸ ਵਾਰ ਵੀ ਉਨ੍ਹਾਂ ਨੂੰ 170 ਦੇ ਅੰਕੜੇ ਤੱਕ ਪਹੁੰਚਣ ਲਈ ਮੁੜ ਕਿਸੇ ਪਾਰਟੀ ਨਾਲ ਗੱਠਜੋੜ ਕਰਨਾ ਪਏਗਾ। ਇਸ ਵਾਰ ਚੋਣ ਮੈਦਾਨ ਦੇ ਵਿੱਚ 338 ਸੀਟਾਂ ਲਈ ਚੋਣ ਮੈਦਾਨ 'ਚ ਕੁੱਲ 1700 ਉਮੀਦਵਾਰ ਸਨ। 47 ਉਮੀਦਵਾਰ ਪੰਜਾਬੀ ਸੀ, LP,CP,NDP ਹਰ ਪਾਰਟੀ ਦੇ 336 ਸੀਟਾਂ 'ਤੇ ਉਮੀਦਵਾਰ ਸੀ। PPC ਦੇ ਕਰੀਬ 330 ਅਤੇ ਗ੍ਰੀਨ ਪਾਰਟੀ ਦੇ 256 ਉਮੀਦਵਾਰ ਸਨ। 2019 ਦੀਆਂ ਚੋਣਾਂ ਵਿੱਚ ਵੀ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ ਸੀ।
ਨਿਊ ਡੈਮੋਕ੍ਰੈਟਿਕ ਪਾਰਟੀ ਨੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਨੂੰ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਸੀ, ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ ਸਮਰਥਨ ਦਿੱਤਾ ਸੀ। ਨਤੀਜਾ 2019 ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੇ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਦੇ ਸਹਿਯੋਗ ਨਾਲ ਸਰਕਾਰ ਬਣਾਈ ਸੀ। 15 ਅਗਸਤ 2021 ਨੂੰ ਜਸਟਿਨ ਟਰੂਡੋ ਨੇ ਮੱਧਵਰਤੀ ਚੋਣਾਂ ਦਾ ਐਲਾਨ ਕੀਤਾ ਸੀ, ਟੀਚਾ ਸੀ ਕਿ ਬਹੁਮੱਤ ਹਾਸਿਲ ਕੀਤਾ ਜਾਵੇ। ਟਰੂਡੋ ਦੇ ਇਸ ਐਲਾਨ 'ਤੇ ਐੱਨਡੀਪੀ ਲੀਡਰ ਜਗਮੀਤ ਸਿੰਘ ਨੇ ਇਤਰਾਜ਼ ਜਤਾਇਆ ਸੀ।
ਜਗਮੀਤ ਸਿੰਘ ਨੇ ਕਿਹਾ ਸੀ ਕਿ ਜਦੋਂ ਉਹ ਲੋਕ ਹਿੱਤ ਨਾਲ ਜੁੜੇ ਮੁੱਦਿਆਂ 'ਤੇ ਟਰੂਡੋ ਸਰਕਾਰ ਨੂੰ ਸਮਰਥਨ ਦੇ ਰਹੇ ਹਨ, ਫਿਰ ਕੋਰੋਨਾ ਕਾਲ ਵਿੱਚ ਟਰੂਡੋ ਸਰਕਾਰ ਨੂੰ ਮੁੜ ਚੋਣਾਂ ਕਰਵਾਉਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਲੋਕਾਂ ਉੱਤੇ ਹੋਰ ਬੋਝ ਆਵੇਗਾ, ਪਰ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੀ ਅਪੀਲ ਨੂੰ ਦਰਕਿਨਾਰ ਕੀਤਾ। ਅਜਿਹੇ ਵਿੱਚ ਹੁਣ ਸਵਾਲ ਉੱਠਦਾ ਹੈ ਕਿ ਕੀ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਮਰਥਨ ਦੇਵੇਗੀ ਜਾਂ ਨਹੀਂ।
ਹਾਲਾਂਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਉਹ ਵਾਅਦਾ ਕਰਦੇ ਹਨ ਕਿ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਜਗਮੀਤ ਸਿੰਘ ਨੇ ਸਿਹਤ ਸੇਵਾਵਾਂ ਅਤੇ ਵਾਤਾਵਰਨ ਪਰਿਵਰਤਨ ਦੇ ਮੁੱਦਿਆਂ ਬਾਰੇ ਵੀ ਗੱਲ ਕੀਤੀ। ਜਗਮੀਤ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੰਚ 'ਤੇ ਮੌਜੂਦ ਸੀ। ਇਸ ਸਭ ਵਿੱਚ 2019 ਅਤੇ 2021 ਦੇ ਚੋਣ ਨਤੀਜਿਆਂ ਦੇ ਮੁਕਾਬਲੇ ਸਾਲ 2015 ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮੱਤ ਮਿਲਿਆ ਸੀ।
ਜਸਟਿਨ ਟਰੂਡੋ ਨੇ ਸਾਲ 2015 ਵਿੱਚ ਆਪਣੇ ਦਮ ਉੱਤੇ ਜਿੱਤ ਦਾ ਝੰਡਾ ਗੱਡਿਆ ਸੀ। ਨਤੀਜਿਆਂ ਤੋਂ ਬਾਅਦ ਹੁਣ ਚਰਚਾ ਇਹ ਐ ਕਿ ਆਖਿਰ ਲਿਬਰਲ ਪਾਰਟੀ ਕਿਹੜੀ ਧਿਰ ਤੋਂ ਸਮਰਥਨ ਲੈਂਦੀ ਹੈ। ਹਲਾਂਕਿ ਪੂਰੀ ਸੰਭਾਵਨਾ ਹੈ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਦੀ ਤਰ੍ਹਾਂ ਟਰੂਡੋ ਦੀ ਪਾਰਟੀ ਨੂੰ ਸਮਰਥਨ ਦੇਣਗੇ। ਅਜਿਹੇ 'ਚ ਵੇਖਣਾ ਹੋਵੇਗਾ ਫਿਰ ਜਗਮੀਤ ਸਿੰਘ ਦੀ ਟਰੂਡੋ ਸਰਕਾਰ ਵਿੱਚ ਕੀ ਭੂਮਿਕਾ ਰਹਿੰਦੀ ਹੈ।